ਤੁਰਕੀ ਅਤੇ ਸੀਰੀਆ ‘ਚ ਸੋਮਵਾਰ ਨੂੰ ਆਏ 3 ਵੱਡੇ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਖਬਰਾਂ ਮੁਤਾਬਕ ਦੋਹਾਂ ਦੇਸ਼ਾਂ ‘ਚ ਮਰਨ ਵਾਲਿਆਂ ਦੀ ਗਿਣਤੀ 15 ਹਜ਼ਾਰ ਨੂੰ ਪਾਰ ਕਰ ਗਈ ਹੈ। ਜ਼ਖਮੀਆਂ ਦੀ ਗਿਣਤੀ 40 ਹਜ਼ਾਰ ਦੇ ਕਰੀਬ ਪਹੁੰਚ ਗਈ ਹੈ। WHO ਅਤੇ UN ਸਮੇਤ ਦੁਨੀਆ ਭਰ ਦੇ 70 ਤੋਂ ਵੱਧ ਦੇਸ਼ ਮਦਦ ਲਈ ਅੱਗੇ ਆਏ ਹਨ। ਸਥਾਨਕ ਮੀਡੀਆ ਮੁਤਾਬਕ ਸੀਰੀਆ ‘ਚ 3 ਲੱਖ ਲੋਕ ਆਪਣੇ ਘਰ ਛੱਡਣ ਲਈ ਮਜ਼ਬੂਰ ਹੋਏ ਹਨ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਮੰਨਿਆ ਹੈ ਕਿ ਸਰਕਾਰ ‘ਤੇ ਵੱਧ ਰਹੇ ਲੋਕਾਂ ਦੇ ਗੁੱਸੇ ਦੇ ਵਿਚਕਾਰ, ਭੂਚਾਲ ਪ੍ਰਤੀ ਉਨ੍ਹਾਂ ਦੀ ਸਰਕਾਰ ਦੀ ਸ਼ੁਰੂਆਤੀ ਪ੍ਰਤੀਕਿਰਿਆ ਗਲਤ ਸੀ। ਦਰਅਸਲ, ਭੂਚਾਲ ਤੋਂ ਬਾਅਦ ਕਈ ਇਲਾਕਿਆਂ ਵਿਚ ਲੋਕਾਂ ਨੇ ਬਚਾਅ ਕਰਮਚਾਰੀਆਂ ਦੇ ਦੇਰੀ ਨਾਲ ਪਹੁੰਚਣ ਦੇ ਨਾਲ-ਨਾਲ ਸਮੇਂ ‘ਤੇ ਰਾਹਤ ਸਮੱਗਰੀ ਨਾ ਮਿਲਣ ਦੀ ਸ਼ਿਕਾਇਤ ਕੀਤੀ ਸੀ ਅਤੇ ਸਰਕਾਰ ‘ਤੇ ਅਣਗਹਿਲੀ ਦਾ ਦੋਸ਼ ਲਗਾਇਆ ਸੀ। ਹਾਲਾਂਕਿ, ਰਾਸ਼ਟਰਪਤੀ ਏਰਦੋਗਨ ਨੇ ਕਿਹਾ ਕਿ ਸਰਕਾਰ ਸਾਰੇ ਲੋਕਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਅਤੇ ਦੇਸ਼ ਵਿੱਚ ਕੋਈ ਵੀ ਬੇਘਰ ਨਹੀਂ ਰਹੇਗਾ। ਇਸ ਦੌਰਾਨ ਤੁਰਕੀ ਵਿੱਚ ਟਵਿਟਰ ਨੂੰ ਬਲਾਕ ਕਰ ਦਿੱਤਾ ਗਿਆ ਹੈ। ਦਰਅਸਲ ਤੁਰਕੀ ਸਰਕਾਰ ਨੇ ਪਿਛਲੇ ਸਾਲ ਅਕਤੂਬਰ ‘ਚ ਸੋਸ਼ਲ ਮੀਡੀਆ ‘ਤੇ ਪ੍ਰਚਾਰ ਦੇ ਖਿਲਾਫ ਇਕ ਬਿੱਲ ਪਾਸ ਕੀਤਾ ਸੀ। ਇਸ ਦੇ ਤਹਿਤ ਜੇਕਰ ਸੋਸ਼ਲ ਮੀਡੀਆ ਕੰਪਨੀਆਂ ਤੁਰਕੀ ਨਾਲ ਜੁੜੀ ਗਲਤ ਜਾਣਕਾਰੀ ਨੂੰ ਆਪਣੀ ਸਾਈਟ ਤੋਂ ਨਹੀਂ ਹਟਾਉਂਦੀਆਂ ਤਾਂ ਉਨ੍ਹਾਂ ‘ਤੇ ਪਾਬੰਦੀਆਂ ਲਗਾਈਆਂ ਜਾਣਗੀਆਂ। ਦੇਸ਼ ‘ਚ ਇਤਰਾਜ਼ਯੋਗ ਪੋਸਟਾਂ ਲਈ ਹੁਣ ਤੱਕ 18 ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ ਅਤੇ 5 ਨੂੰ ਗ੍ਰਿਫਤਾਰ ਕੀਤਾ ਗਿਆ ਹੈ।