ਕਰਜ਼ੇ ਤੋਂ ਤੰਗ ਆ ਕੇ ਨੌਜਵਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਮ੍ਰਿਤਕ ਸਿਰ ਸੀ 12 ਲੱਖ ਦਾ ਕਰਜ਼ਾ

ਲੁਧਿਆਣਾ ਜ਼ਿਲ੍ਹੇ ਦੇ ਖੰਨਾ ਕਸਬੇ ਵਿੱਚ ਕਰਜ਼ੇ ਤੋਂ ਦੁਖੀ ਕਿਸਾਨ ਨੇ ਖ਼ੁਦਕੁਸ਼ੀ ਕਰ ਲਈ। ਪੈਸੇ ਲੈਣ ਵਾਲੇ ਹਰ ਰੋਜ਼ ਉਸ ਕੋਲ ਆਉਂਦੇ ਸਨ। ਇਸ ਤੋਂ ਦੁਖੀ ਹੋ ਕੇ ਉਸ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਹਾਦਸੇ ਤੋਂ ਤੁਰੰਤ ਬਾਅਦ ਟਰੇਨ ਦੇ ਲੋਕੋ ਪਾਇਲਟ ਨੇ ਖੰਨਾ ਸਟੇਸ਼ਨ ਮਾਸਟਰ ਨੂੰ ਸੂਚਨਾ ਦਿੱਤੀ। ਜੀਆਰਪੀ ਖੰਨਾ ਮੌਕੇ ’ਤੇ ਪੁੱਜੇ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਮ੍ਰਿਤਕ ਦਾ ਨਾਂ ਸਤਜੀਤ ਸਿੰਘ (36) ਹੈ। ਖੰਨਾ ਜੀਆਰਪੀ ਇੰਚਾਰਜ ਸਬ-ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਦੁਪਹਿਰ ਵੇਲੇ ਵੈਸ਼ਨੋ ਦੇਵੀ ਤੋਂ ਕਾਮਾਖੀਆ ਵਿਚਕਾਰ ਚੱਲ ਰਹੀ ਟਰੇਨ ਅੱਗੇ ਛਾਲ ਮਾਰ ਦਿੱਤੀ। ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਮਾਂ, ਪਤਨੀ ਅਤੇ 9 ਸਾਲ ਦਾ ਬੇਟਾ ਛੱਡ ਗਿਆ ਹੈ। ਉਹ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਪਿਤਾ ਦੀ ਮੌਤ ਤੋਂ ਬਾਅਦ ਸਤਜੀਤ ਸਿੰਘ ਨੇ ਤਿੰਨੋਂ ਭੈਣਾਂ ਦਾ ਵਿਆਹ ਧੂਮ-ਧਾਮ ਨਾਲ ਕੀਤਾ। ਰਿਸ਼ਤੇਦਾਰਾਂ ਅਨੁਸਾਰ ਉਸ ਦੇ ਸਿਰ 12 ਲੱਖ ਰੁਪਏ ਦਾ ਕਰਜ਼ਾ ਸੀ। ਉਸ ਨੇ ਆਪਣੀਆਂ ਭੈਣਾਂ ਦੇ ਵਿਆਹ ਲਈ 7 ਏਕੜ ਵਿੱਚੋਂ 2 ਏਕੜ ਜ਼ਮੀਨ ਵੇਚ ਦਿੱਤੀ ਹੈ। ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਖੰਨਾ ‘ਚ ਰਖਵਾਇਆ ਗਿਆ ਹੈ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।

Leave a Reply

Your email address will not be published. Required fields are marked *