Skip to content
ਕਾਂਗਰਸ ਨੇ ਵੀਰਵਾਰ ਨੂੰ ਦੋਸ਼ ਲਾਇਆ ਕਿ ਉਸ ਦੇ ਮੀਡੀਆ ਵਿਭਾਗ ਦੇ ਮੁਖੀ ਪਵਨ ਖੇੜਾ ਨੂੰ ਰਾਏਪੁਰ ਜਾਣ ਵਾਲੀ ਫਲਾਈਟ ਤੋਂ ਉਤਾਰਿਆ ਗਿਆ। ਪਾਰਟੀ ਦੀ ਤਰਜਮਾਨ ਸੁਪ੍ਰਿਆ ਸ੍ਰੀਨੇਤ ਨੇ ਸਵਾਲ ਕੀਤਾ ਕਿ ਖੇੜਾ ਨੂੰ ਕਿਸ ਆਧਾਰ ‘ਤੇ ਹੇਠਾਂ ਉਤਾਰਿਆ ਗਿਆ ਹੈ ਅਤੇ ਕੀ ਦੇਸ਼ ‘ਚ ਕਾਨੂੰਨ ਦਾ ਰਾਜ ਹੈ। ਦੱਸਿਆ ਜਾਂਦਾ ਹੈ ਕਿ ਇਹ ਘਟਨਾ ਇੰਡੀਗੋ ਦੇ ਜਹਾਜ਼ 6 ਈ 204 ‘ਚ ਵਾਪਰੀ ਅਤੇ ਵਿਰੋਧ ‘ਚ ਕਈ ਕਾਂਗਰਸੀ ਨੇਤਾ ਜਹਾਜ਼ ਤੋਂ ਹੇਠਾਂ ਉਤਰ ਗਏ ਅਤੇ ਜਹਾਜ਼ ਅਜੇ ਵੀ ਉਥੇ ਖੜ੍ਹਾ ਹੈ। ਇਸ ਮਾਮਲੇ ਵਿੱਚ ਦਿੱਲੀ ਪੁਲਿਸ ਵੱਲੋਂ ਇੱਕ ਬਿਆਨ ਵੀ ਜਾਰੀ ਕੀਤਾ ਗਿਆ ਹੈ। ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ, ਦਿੱਲੀ ਪੁਲਿਸ ਨੇ ਕਿਹਾ ਕਿ ਕਾਂਗਰਸ ਨੇਤਾ ਪਵਨ ਖੇੜਾ ਨੂੰ ਦਿੱਲੀ ਹਵਾਈ ਅੱਡੇ ‘ਤੇ ਫਲਾਈਟ ਵਿੱਚ ਸਵਾਰ ਹੋਣ ਤੋਂ ਰੋਕ ਦਿੱਤਾ ਗਿਆ ਸੀ ਜਦੋਂ ਅਸਮ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਬੇਨਤੀ ਕੀਤੀ ਸੀ। ਦਰਅਸਲ, ਅਸਾਮ ਦੇ ਦੀਮਾ ਹਸਾਓ ਜ਼ਿਲ੍ਹੇ ਦੇ ਹਾਫਲੋਂਗ ਪੁਲਿਸ ਸਟੇਸ਼ਨ ‘ਚ ਕਾਂਗਰਸ ਨੇਤਾ ਪਵਨ ਖੇੜਾ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਅਸਾਮ ਪੁਲਿਸ ਦੇ ਇੰਸਪੈਕਟਰ ਜਨਰਲ (ਕਾਨੂੰਨ ਅਤੇ ਵਿਵਸਥਾ) ਅਤੇ ਬੁਲਾਰੇ ਪ੍ਰਸ਼ਾਂਤ ਕੁਮਾਰ ਭੂਈਆਂ ਨੇ ਏਐਨਆਈ ਨੂੰ ਦੱਸਿਆ, ‘ਅਸਾਮ ਪੁਲਿਸ ਦੀ ਇੱਕ ਟੀਮ ਮਾਮਲੇ ਦੇ ਸਬੰਧ ਵਿੱਚ ਪਵਨ ਖੇੜਾ ਦਾ ਰਿਮਾਂਡ ਲੈਣ ਲਈ ਦਿੱਲੀ ਲਈ ਰਵਾਨਾ ਹੋ ਗਈ ਹੈ। ਅਸੀਂ ਦਿੱਲੀ ਪੁਲਿਸ ਨੂੰ ਪਵਨ ਖੇੜਾ ਨੂੰ ਗ੍ਰਿਫਤਾਰ ਕਰਨ ਦੀ ਬੇਨਤੀ ਕੀਤੀ ਹੈ। ਸਥਾਨਕ ਅਦਾਲਤ ਤੋਂ ਇਜਾਜ਼ਤ ਲੈਣ ਤੋਂ ਬਾਅਦ ਅਸੀਂ ਉਨ੍ਹਾਂ ਨੂੰ ਅਸਾਮ ਲੈ ਕੇ ਆਵਾਂਗੇ। ਦਰਅਸਲ ਸ਼ੁੱਕਰਵਾਰ ਤੋਂ ਰਾਏਪੁਰ ‘ਚ ਕਾਂਗਰਸ ਪਾਰਟੀ ਦੀ ਜਨਰਲ ਕਨਵੈਨਸ਼ਨ ਹੋਣ ਜਾ ਰਹੀ ਹੈ। ਇਸ ਸਬੰਧੀ ਪਵਨ ਖੇੜਾ ਪਾਰਟੀ ਦੇ ਹੋਰ ਆਗੂਆਂ ਨਾਲ ਰਾਏਪੁਰ ਜਾਣ ਵਾਲੀ ਫਲਾਈਟ ਫੜਨ ਲਈ ਦਿੱਲੀ ਦੇ ਆਈਜੀਆਈ ਏਅਰਪੋਰਟ ਪੁੱਜੇ ਸਨ। ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਇਹ 20 ਫਰਵਰੀ ਨੂੰ ਈਡੀ ਦੇ ਛਾਪੇ ਵਾਂਗ ਹੀ ਕਾਂਗਰਸ ਦੇ ਸੈਸ਼ਨ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਹੈ।