ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਸਾਂਝੀ ਕੀਤੀ ਭਾਵੁਕ ਪੋਸਟ, ਲਿਖਿਆ-‘ਇਨਸਾਫ਼ ਦੇ ਸਵਾਲ ‘ਤੇ ਪੁੱਤ ਮੈਂ ਖਾਮੋਸ਼ ਹੋ ਕੇ ਹੱਥ ਖੜ੍ਹੇ ਕਰ ਦਿੰਦੀ ਆ’

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ 9 ਮਹੀਨੇ ਬੀਤ ਚੁੱਕੇ ਹਨ, ਪਰ ਅੱਜ ਵੀ ਉਸਨੂੰ ਯਾਦ ਕਰਕੇ ਉਸ ਦੇ ਫੈਨਜ਼ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ। ਇਨਸਾਫ ਦੀ ਉਡੀਕ ਦੇ ਵਿਚਾਲੇ ਮਾਂ ਚਰਨ ਕੌਰ ਨੇ ਆਪਣੇ ਮਰਹੂਮ ਪੁੱਤ ਨੂੰ ਯਾਦ ਕਰਦਿਆਂ ਸੋਸ਼ਲ ਮੀਡੀਆ ‘ਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ, ਜਿਸ ਨੂੰ ਪੜ੍ਹ ਕੇ ਸਭ ਦੀਆਂ ਅੱਖਾਂ ਨਮ ਹੋ ਰਹੀਆਂ ਹਨ। ਦਰਅਸਲ, ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਦਿਆਂ ਲਿਖਿਆ, “ਹਵੇਲੀ ਆਉਂਦਾ ਹਰ ਸ਼ਖਸ ਜਦ ਮੈਨੂੰ ਤੇਰੇ ਇਨਸਾਫ਼ ਦਾ ਸਵਾਲ ਕਰਦਾ ਤਾਂ ਪੁੱਤ ਮੈਂ ਖਾਮੋਸ਼ ਹੋ ਹੱਥ ਖੜ੍ਹੇ ਕਰ ਦਿੰਦੀ ਆ, ਮੈਨੂੰ ਇਹ ਕਾਨੂੰਨ ਨੂੰ ਲਿਖਣ ਵਾਲੇ, ਸਿਰਜਣ ਵਾਲੇ ਤੇ ਮੌਜੂਦਾ ਸਿਆਸਤਦਾਨ ਇਹ ਤਾਂ ਦੱਸ ਦੇਣ ਕਿ ਬੇਕਸੂਰਾਂ ਨੂੰ ਮਰਵਾਉਣ ਵਾਲਿਆਂ ਨੂੰ ਖ਼ਜਾਨੇ ਦੇ ਨਕਸ਼ੇ ਵਾਂਗ ਸਾਂਭ-ਸਾਂਭ ਕਿਉਂ ਰੱਖਿਆ ਹੋਇਆ ਹੈ। ਉਨ੍ਹਾਂ ਦੇ ਚੱਲਦੇ ਸਾਹ ਮੈਨੂੰ ਘੜੀ-ਘੜੀ ਮੇਰੇ ਕੋਰੇ ਕਾਗਜ਼ ਜਿਹੇ ਜ਼ਮੀਰ ਵਾਲੇ ਪੁੱਤਰ ਦੀਆਂ ਆਖ਼ਰੀ ਧਾਹਾਂ ਯਾਦ ਕਰਾਉਂਦੇ ਰਹਿੰਦੇ ਆ ਸ਼ੁੱਭ। ਮੈਂ ਆਪਣੇ ਪੁੱਤਰ ਦੀਆਂ ਧਾਹਾਂ ਨੂੰ ਆਪਣੇ ਸਾਹਾਂ ਦੇ ਅਖ਼ਰੀਲੇ ਚੱਕਰ ਤੱਕ ਯਾਦ ਰੱਖਾਂਗੀ ਤੇ ਸਾਡਾ ਜਹਾਨ ਉਜਾੜਨ ਵਾਲਿਆਂ ਦੇ ਘਟੀਆਂ ਚਿਹਰੇ ਜੱਗ ਜਾਹਰ ਕਰਾਂਗੀ, ਬੇਸ਼ੱਕ ਕੋਈ ਮੇਰਾ ਸਮਰਥਨ ਕਰੇ ਜਾਂ ਨਾ।” ਇਸ ਤੋਂ ਇਲਾਵਾ ਚਰਨ ਕੌਰ ਨੇ ਇੱਕ ਹੋਰ ਪੋਸਟ ਸਾਂਝੀ ਕਰਦਿਆਂ ਲਿਖਿਆ,”ਜਿਉਂ ਜਿਉਂ ਦਿਨ ਗੁਜ਼ਰ ਰਹੇ ਨੇ ਮੇਰਾ ਵਿਸ਼ਵਾਸ ਅਕਾਲ ਪੁਰਖ ਦੀ ਸਿਰਜੀ ਹੋਈ ਇਸ ਦੁਨੀਆ ਤੋਂ ਉੱਠ ਰਿਹਾ ਹੈ ਸ਼ੁੱਭ। ਸਿਰਫ਼ ਇਸ ਲਈ ਕਿ ਤੇਰਾ ਸੱਚ ਬੋਲਣਾ ਉਨ੍ਹਾਂ ਦੇ ਝੂਠੇ ਮਹਿਲਾਂ ਦੀ ਨੀਹਾਂ ਵਿੱਚ ਪਾਣੀ ਪਾ ਰਿਹਾ ਸੀ। ਉਨ੍ਹਾਂ ਨੇ ਤੈਨੂੰ ਸਾਥੋਂ ਖੋਹ ਲਿਆ। ਸਿਰਫ਼ ਇਸ ਲਈ ਕਿਉਂਕਿ ਤੇਰੀ ਕਲਮ ਇਤਿਹਾਸ ਰਚਣ ਦੇ ਨਾਲ-ਨਾਲ ਜੱਗ ਤੇ ਛਾਪ ਛੱਡ ਰਹੀ ਸੀ। ਇਸ ਲਈ ਕਿ ਪੁੱਤ ਤੇਰਾ ਉਨ੍ਹਾਂ ਸਭ ਨਾਲ ਉਨ੍ਹਾਂ ਵਰਗਾ ਹੋ ਕੇ ਮਿਲਣਾ, ਇਹ ਸਭ ਉਨ੍ਹਾਂ ਨੂੰ ਚੰਗਾ ਨਹੀਂ ਲੱਗਾ ਕਿਉਂ ਇਹ ਸਾਨੂੰ ਅਜ਼ਮਾ ਰਹੇ ਆ ? ਪੁੱਤ ਤੇਰੀ ਘਾਟ ਦਾ ਅਹਿਸਾਸ ਮੈਂ ਕਿਵੇਂ ਇਨ੍ਹਾ ਮੂਹਰੇ ਜ਼ਾਹਰ ਕਰਾਂ।”

Leave a Reply

Your email address will not be published. Required fields are marked *