ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਲਜ਼ਾਮ ਲਗਾਇਆ ਕਿ ਅਡਾਨੀ ਸਮੂਹ ਨੂੰ ਬਚਾਉਣ ਲਈ ਭਾਰਤੀ ਸਟੇਟ ਬੈਂਕ ਅਤੇ ਭਾਰਤੀ ਰਿਜ਼ਰਵ ਬੈਂਕ ਨੂੰ ਨਿਵੇਸ਼ ਕਰਨ ਲਈ ਮਜਬੂਰ ਕੀਤਾ ਗਿਆ ਅਤੇ ਆਮ ਲੋਕਾਂ ਦੀ ਬੱਚਤ ਨੂੰ ਖਤਰੇ ਵਿਚ ਪਾਇਆ ਗਿਆ। ਉਹਨਾਂ ਇਹ ਵੀ ਸਵਾਲ ਕੀਤਾ ਕਿ ਕੀ ਭਾਰਤੀ ਜੀਵਨ ਬੀਮਾ ਨਿਗਮ ਅਤੇ ਆਰ.ਬੀ.ਆਈ. ਨੂੰ ਉਦਯੋਗਪਤੀ ਗੌਤਮ ਅਡਾਨੀ ਦੇ ਸਮੂਹ ‘ਚ ਨਿਵੇਸ਼ ਕਰਨ ਦਾ ਹੁਕਮ ਦਿੱਤਾ ਗਿਆ ਸੀ ਅਤੇ ਇਹ ਹੁਕਮ ਕਿਸ ਨੇ ਦਿੱਤਾ? ਰਾਹੁਲ ਗਾਂਧੀ ਨੇ ਆਪਣੀ ਵੀਡੀਓ ਸੀਰੀਜ਼ ‘ਮਿਤਰਕਾਲ, ਭਾਗ ਦੋ ਤੁਹਾਡਾ ਪੈਸਾ, ਅਡਾਨੀ ’ਤੇ ਲੁਟਾਇਆ’ ਦੇ ਤਹਿਤ ਇਕ ਵੀਡੀਓ ਜਾਰੀ ਕਰਦੇ ਹੋਏ ਕਿਹਾ, “ਐਸਬੀਆਈ ਦੇਸ਼ ਦਾ ਸਭ ਤੋਂ ਵੱਡਾ ਬੈਂਕ ਹੈ। ਕੀ LIC ਅਤੇ SBI ਨੂੰ ਅਡਾਨੀ ਗਰੁੱਪ ਨੂੰ ਬਚਾਉਣ ਦਾ ਹੁਕਮ ਦਿੱਤਾ ਗਿਆ ਸੀ? LIC ਨੇ ਜੋਖਮ ਭਰੇ ਅਡਾਨੀ ਸਮੂਹ ਵਿਚ ਇੰਨਾ ਵੱਡਾ ਨਿਵੇਸ਼ ਕਿਉਂ ਕੀਤਾ? ਜਦੋਂ ਇਹਨਾਂ ਗੱਲਾਂ ਤੋਂ ਪਰਦਾ ਉੱਠੇਗਾ ਤਾਂ ਪਤਾ ਲੱਗੇਗਾ ਕਿ ਦੇਸ਼ ਦਾ ਕਿੰਨਾ ਨੁਕਸਾਨ ਹੋਇਆ ਹੈ”। ਉਹਨਾਂ ਕਿਹਾ, “ਐਸਬੀਆਈ ਵਿਚ ਤੁਸੀਂ ਆਪਣੀ ਮਿਹਨਤ ਦੀ ਕਮਾਈ ਅਤੇ ਆਪਣੇ ਪਰਿਵਾਰ ਤੇ ਬੱਚਿਆਂ ਦੇ ਭਵਿੱਖ ਲਈ ਬਚਤ ਰੱਖੀ ਹੈ। ਸਵਾਲ ਇਹ ਹੈ ਕਿ ਤੁਹਾਡਾ ਪੈਸਾ ਕੌਣ ਖਤਰੇ ਵਿਚ ਪਾ ਰਿਹਾ ਹੈ?” ਉਹਨਾਂ ਇਲਜ਼ਾਮ ਲਗਾਇਆ ਕਿ ਅਡਾਨੀ ਸਮੂਹ ਨੂੰ ਬਚਾਉਣ ਲਈ ਐਲਆਈਸੀ ਅਤੇ ਐਸਬੀਆਈ ਤੋਂ ਜ਼ਬਰਦਸਤੀ ਨਿਵੇਸ਼ ਕਰਵਾਇਆ ਗਿਆ। ਗਾਂਧੀ ਨੇ ਕਿਹਾ, “ਕੀ ਤੁਸੀਂ ਆਪਣੇ ਬੱਚਿਆਂ ਦੇ ਭਵਿੱਖ ਨੂੰ ਖ਼ਤਰੇ ਵਿਚ ਪਾਉਣਾ ਚਾਹੁੰਦੇ ਹੋ? ਤੁਹਾਡਾ ਪੈਸਾ ਅਡਾਨੀ ਗਰੁੱਪ ਨੂੰ ਬਚਾਉਣ ਲਈ ਕਿਉਂ ਵਰਤਿਆ ਜਾ ਰਿਹਾ ਹੈ? ਕੀ ਇਹ ਯਕੀਨੀ ਬਣਾਉਣਾ ਪ੍ਰਧਾਨ ਮੰਤਰੀ ਦਾ ਫਰਜ਼ ਨਹੀਂ ਹੈ ਕਿ ਐਲਆਈਸੀ ਵਿਚ ਨਿਵੇਸ਼ ਕੀਤਾ ਗਿਆ ਜਨਤਕ ਪੈਸਾ ਸੁਰੱਖਿਅਤ ਰਹੇ?”