ਪੰਜਾਬ ਦੀ ਸਕੂਲੀ ਸਿੱਖਿਆ ਨੂੰ ਵਰਲਡ ਕਲਾਸ ਬਣਾਉਣ ਲਈ ਭਗਵੰਤ ਮਾਨ ਸਰਕਾਰ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਹੁਣ ਫ਼ਿਰ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਦਾ ਦੂਜਾ ਬੈਚ ਸਿੰਗਾਪੁਰ ਭੇਜੇਗੀ । 4 ਮਾਰਚ ਨੂੰ 30 ਪ੍ਰਿੰਸੀਪਲਾਂ ਦਾ ਦੂਜਾ ਬੈਚ ਸਿੰਗਾਪੁਰ ਜਾਵੇਗਾ । ਇਸ ਸਬੰਧੀ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਇਹ ਟ੍ਰੇਨਿੰਗ 4 ਤੋਂ 11 ਮਾਰਚ ਤੱਕ ਹੋਵੇਗੀ। ਹਰਜੋਤ ਬੈਂਸ ਨੇ ਟਵੀਟ ਕਰਦਿਆਂ ਲਿਖਿਆ,” ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਪੰਜਾਬ ਦੀ ਸਕੂਲੀ ਸਿੱਖਿਆ ਨੂੰ ਵਿਸ਼ਵ ਪੱਧਰੀ ਬਣਾਉਣ ਦੇ ਸੁਪਨੇ ਤਹਿਤ ਅਸੀਂ ਸੂਬੇ ਦੇ 30 ਸਕੂਲਾਂ ਦੇ ਪ੍ਰਿੰਸੀਪਲਾਂ ਦੇ ਦੂਜੇ ਗਰੁੱਪ ਨੂੰ 4 ਮਾਰਚ ਤੋਂ 11 ਮਾਰਚ ਤੱਕ ਸਿੰਗਾਪੁਰ ਦੇ ਵਿਸ਼ਵ ਪ੍ਰਸਿੱਧ ਨੈਸ਼ਨਲ ਇੰਸਟੀਚਿਊਟ ਆਫ਼ ਐਜੂਕੇਸ਼ਨ ਵਿੱਚ ਵਿਦੇਸ਼ੀ ਸਿਖਲਾਈ ਲਈ ਭੇਜ ਰਹੇ ਹਾਂ।” ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ 36 ਪ੍ਰਿੰਸੀਪਲਾਂ ਨੂੰ ਸਿੰਗਾਪਰ ਟ੍ਰੇਨਿੰਗ ਲਈ ਭੇਜਿਆ ਗਿਆ ਸੀ। ਰਵਾਨਗੀ ਤੋਂ ਪਹਿਲਾਂ ਮੁੱਖ ਮੰਤਰੀ ਵੱਲੋਂ ਸਾਰੇ ਪ੍ਰਿੰਸੀਪਲਾਂ ਨਾਲ ਇਕੱਲੇ-ਕੱਲੇ ਪ੍ਰਿੰਸੀਪਲ ਨਾਲ ਜਾਣ ਪਛਾਣ ਕੀਤੀ ਗਈ ਸੀ। ਉਸ ਮੌਕੇ ਉਨ੍ਹਾਂ ਨਾਲ ਸਿੱਖਿਆ ਮੰਤਰੀ ਹਰਜੋਤ ਬੈਂਸ ਵੀ ਨਾਲ ਰਹੇ ਸਨ।