ਸੋਨੀਆ ਗਾਂਧੀ ਦੀ ਵਿਗੜੀ ਸਿਹਤ, ਸਰ ਗੰਗਾਰਾਮ ਹਸਪਤਾਲ ਵਿਚ ਕਰਾਇਆ ਗਿਆ ਭਰਤੀ

ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦਿੱਲੀ ਦੇ ਗੰਗਾਰਾਮ ਹਸਪਤਾਲ ਵਿਚ ਭਰਤੀ ਹੈ। ਉੁਨ੍ਹਾਂ ਨੂੰ ਬੁਖਾਰ ਦੀ ਸ਼ਿਕਾਇਤ ਦੇ ਬਾਅਦ ਵੀਰਵਾਰ ਨੂੰ ਹਸਪਤਾਲ ਲਿਆਂਦਾ ਗਿਆ ਸੀ ਜਿਥੇ ਡਾਕਟਰਾਂ ਦੀ ਨਿਗਰਾਨੀ ਵਿਚ ਉਨ੍ਹਾਂ ਨੂੰ ਰੱਖਿਆ ਗਿਆ ਹੈ। ਸਰ ਗੰਗਾਰਾਮ ਹਸਪਤਾਲ ਵੱਲੋਂ ਜਾਰੀ ਕੀਤੇ ਗਏ ਹੈਲਥ ਅਪਡੇਟ ਮੁਤਾਬਕ ਯੂਪੀਏ ਚੇਅਰਪਰਸਨ ਸੋਨੀਆ ਗਾਂਧੀ ਦਾ ਚੈਸਟ ਮੈਡੀਸਨ ਡਿਪਾਰਟਮੈਂਟ ਦੇ ਸੀਨੀਅਰ ਕੰਸਲਟੈਂਟ ਡਾ. ਅਰੂਪ ਬਾਸੂ ਦੀ ਨਿਗਰਾਨੀ ਵਿਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨੂੰ 2 ਮਾਰਚ ਯਾਨੀ ਵੀਰਵਾਰ ਨੂੰ ਬੁਖਾਰ ਆਉਣ ਦੇ ਬਾਅਦ ਭਰਤੀ ਕਰਾਇਆ ਗਿਆ ਹੈ। ਉਹ ਲਗਾਤਾਰ ਡਾਕਟਰਾਂ ਦੀ ਨਿਗਰਾਨੀ ਵਿਚ ਹਨ ਤੇ ਕਈ ਜਾਂਚਾਂ ਦੇ ਦੌਰ ਵਿਚੋਂ ਲੰਘ ਰਹੇ ਹਨ। ਉਨ੍ਹਾਂ ਦੀ ਹਾਲਤ ਸਥਿਰ ਹੈ। ਇਸ ਤੋਂ ਪਹਿਲਾਂ ਸੋਨੀਆ ਗਾਂਧੀ ਦੀ ਤਬੀਅਤ ਖਰਾਬ ਹੋਣ ਦੇ ਬਾਅਦ ਬੀਤੀ 5 ਜਨਵਰੀ ਨੂੰ ਗੰਗਾਰਾਮ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਹਸਪਤਾਲ ਵੱਲੋਂ ਦੱਸਿਆ ਗਿਆ ਸੀ ਕਿ ਉਨ੍ਹਾਂ ਨੂੰ ਵਾਇਰਲ ਸੰਕਰਮਣ ਦੀ ਵਜ੍ਹਾ ਨਾਲ ਭਰਤੀ ਕਰਾਇਆ ਗਿਆ ਸੀ ਜਿਥੇ ਡਾਕਟਰਾਂ ਦੀ ਇਕ ਟੀਮ ਦੀ ਨਿਗਰਾਨੀ ਵਿਚ ਉਨ੍ਹਾਂ ਦਾ ਇਲਾਜ ਚੱਲਿਆ ਸੀ। ਉਸ ਸਮੇਂ ਸੋਨੀਆ ਦੀ ਧੀ ਪ੍ਰਿਯੰਕਾ ਗਾਂਧੀ ਆਪਣੀ ਮਾਂ ਨਾਲ ਮੌਜੂਦ ਸੀ। ਸੋਨੀਆ ਗਾਂਧੀ ਦੀ ਤਬੀਅਤ ਅਜਿਹੇ ਸਮੇਂ ਖਰਾਬ ਹੋਈ ਹੈ ਜਦੋਂ ਰਾਹੁਲ ਗਾਂਧੀ ਵਿਦੇਸ਼ ਦੌਰੇ ‘ਤੇ ਹਨ। ਉਹ ਬ੍ਰਿਟੇਨ ਦੀ ਕੈਂਬਰਿਜ ਯੂਨੀਵਰਸਿਟੀ ਵਿਚ ਲੈਕਚਰ ਦੇਣ ਲਈ ਗਏ ਹੋਏ ਹਨ। ਉਥੇ ਉਨ੍ਹਾਂ ਕਿਹਾ ਕਿ ਭਾਰਤੀ ਲੋਕਤੰਤਰ ਖਤਰੇ ਵਿਚ ਹੈ। ਅਸੀਂ ਲੋਕ ਇਕ ਨਿਰੰਤਰ ਦਬਾਅ ਵਿਚ ਮਹਿਸੂਸ ਕਰ ਰਹੇ ਹਾਂ। ਵਿਰੋਧੀ ਨੇਤਾਵਾਂ ‘ਤੇ ਕੇਸ ਕੀਤੇ ਜਾ ਰਹੇ ਹਨ। ਮੇਰੇ ਉਪਰ ਕਈ ਕੇਸ ਕੀਤੇ ਗਏ। ਅਜਿਹੇ ਮਾਮਲਿਆਂ ਵਿਚ ਕੇਸ ਕੀਤੇ ਗਏ ਜੋ ਬਣਦੇ ਹੀ ਨਹੀਂ। ਅਸੀਂ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਿਰੋਧੀ ਨੇਤਾਵਾਂ ਦੇ ਫੋਨ ਵਿਚ ਪੈਗਾਸਸ ਪਾਇਆ ਗਿਆ।

Leave a Reply

Your email address will not be published. Required fields are marked *