ਅੰਮ੍ਰਿਤਸਰ ਦੇ ਅਜਨਾਲਾ ਪੁਲਿਸ ਸਟੇਸ਼ਨ ਦੇ ਬਾਹਰ ਹੋਈ ਹਿੰਸਕ ਘਟਨਾ ਤੋਂ ਬਾਅਦ ਪੰਜਾਬ ਪੁਲਿਸ ਨੇ ਗੁਪਤ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਨੇ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਦੇ ਉਹਨਾਂ 10 ਸਾਥੀਆਂ ਦੀ ਪਛਾਣ ਕੀਤੀ ਹੈ, ਜੋ ਉਸ ਨਾਲ 24 ਘੰਟੇ ਹਥਿਆਰਾਂ ਨਾਲ ਲੈਸ ਰਹਿੰਦੇ ਹਨ। ਇਹਨਾਂ ਦੇ ਲਾਇਸੈਂਸ ’ਤੇ ਕਈ ਹਥਿਆਰ ਦਰਜ ਹਨ। ਪੁਲਿਸ ਨੇ ਵੱਖ-ਵੱਖ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਨੋਟਿਸ ਜਾਰੀ ਕਰ ਹਥਿਆਰਾਂ ਦੇ ਵੇਰਵੇ ਮੰਗੇ ਹਨ। ਇਸ ਤੋਂ ਬਾਅਦ ਉਹਨਾਂ ਦੇ ਲਾਇਸੈਂਸ ਰੱਦ ਕਰਨ ਦੀ ਕਾਰਵਾਈ ਹੋਵੇਗੀ ਕਿਉਂਕਿ ਸਾਰਿਆਂ ਨੇ ਹਥਿਆਰ ਸੈਲਫ ਡਿਫੈਂਸ ਲਈ ਬਣਵਾਏ ਹਨ। ਇਹਨਾਂ ਦੀ ਵਰਤੋਂ ਬਤੌਰ ਸੁਰੱਖਿਆ ਕਰਮਚਾਰੀ ਨਹੀਂ ਕੀਤੀ ਜਾ ਸਕਦੀ। ਨਿਰਦੇਸ਼ਾਂ ਤੋਂ ਬਾਅਦ ਡੀਸੀ ਫਰੀਦਕੋਟ ਨੇ ਗੁਰਭੇਜ ਸਿੰਘ ਨਿਵਾਸੀ ਪਿੰਡ ਗੋਂਦਰਾ ਫਰੀਦਕੋਟ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ। ਡੀਜੀਪੀ ਗੌਰਵ ਯਾਦਵ ਮੁਤਾਬਕ ਡੀਸੀ ਪਟਿਆਲਾ, ਫਰੀਦਕੋਟ, ਮੋਗਾ, ਸੰਗਰੂਰ, ਅੰਮ੍ਰਿਤਸਰ, ਤਰਨਤਾਰਨ ਅਤੇ ਜੰਮੂ-ਕਸ਼ਮੀਰ ਦੇ ਸਾਂਬਾ ਅਤੇ ਕਿਸ਼ਤਵਾੜ ਦੇ ਅਧਿਕਾਰੀ ਜਾਂਚ ਕਰ ਰਹੇ ਹਨ। ਗੁਰਭੇਜ ਸਿੰਘ ਦੇ ਲਾਇਸੈਂਸ ’ਤੇ ਦੋ ਹਥਿਆਰ .32 ਬੋਰ ਰਿਵਾਲਵਰ ਅਤੇ .315 ਬੋਰ ਰਾਈਫਲ ਦਰਜ ਸਨ। ਅੰਮ੍ਰਿਤਪਾਲ ਦੀ ਸੁਰੱਖਿਆ ਵਿਚ ਤਾਇਨਾਤ ਤਲਵਿੰਦਰ ਸਿੰਘ (ਤਰਨਤਾਰਨ) ਦਾ ਲਾਇਸੈਂਸ ਰਾਮਬਨ (ਜੰਮੂ ਕਸ਼ਮੀਰ) ਤੋਂ ਬਣਿਆ ਹੈ। ਜਦਕਿ ਵਰਿੰਦਰ ਸਿੰਘ ਤਰਨਤਾਰਨ ਦਾ ਲਾਇਸੈਂਸ ਕਿਸ਼ਤਵਾੜ (ਜੰਮੂ-ਕਸ਼ਮੀਰ) ਤੋਂ ਬਣਿਆ ਹੈ। ਇਹਨਾਂ ਦੋਹਾਂ ਦੇ ਲਾਇਸੈਂਸ ਆਲ ਇੰਡੀਆ ਲਈ ਹੈ ਜਾਂ ਇਸ ਨੂੰ ਸੂਬਾ ਪੱਧਰ ’ਤੇ ਹੀ ਵਰਤਿਆ ਜਾ ਸਕਦਾ ਹੈ, ਇਸ ਸਬੰਧੀ ਜਾਂਚ ਜਾਰੀ ਹੈ। ਜੇਕਰ ਦੋਹਾਂ ਦੇ ਲਾਇਸੈਂਸ ਆਲ ਇੰਡੀਆ ਨਾ ਹੋਏ ਤਾਂ ਕਾਨੂੰਨੀ ਕਾਰਵਾਈ ਤੈਅ ਹੈ।