ਬੰਗਲਾਦੇਸ਼ ਦੀ ਰਾਜਧਾਨੀ ਢਾਕਾ ‘ਚ ਇਕ ਇਮਾਰਤ ‘ਚ ਧਮਾਕਾ ਹੋਣ ਦੀ ਖਬਰ ਹੈ। ਰਿਪੋਰਟ ਮੁਤਾਬਕ ਇਸ ਘਟਨਾ ‘ਚ 11 ਲੋਕਾਂ ਦੀ ਮੌਤ ਹੋ ਗਈ ਹੈ ਅਤੇ 100 ਤੋਂ ਜ਼ਿਆਦਾ ਜ਼ਖਮੀ ਹਨ। ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਢਾਕਾ ਦੇ ਭੀੜ-ਭੜੱਕੇ ਵਾਲੇ ਬਾਜ਼ਾਰ ‘ਚ ਧਮਾਕਾ ਹੋਇਆ। ਧਮਾਕੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਕਈ ਜ਼ਖਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਅਜਿਹੇ ‘ਚ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਪੰਜ ਫਾਇਰ ਟੈਂਡਰ ਮੌਕੇ ‘ਤੇ ਪਹੁੰਚ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਅੱਜ ਸ਼ਾਮ ਕਰੀਬ 4:50 ਵਜੇ ਹੋਇਆ। ਜ਼ਖਮੀਆਂ ਨੂੰ ਢਾਕਾ ਮੈਡੀਕਲ ਕਾਲਜ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਹ ਜਾਣਕਾਰੀ ਥਾਣਾ ਮੁਖੀ ਇੰਸਪੈਕਟਰ ਬੱਚੂ ਮੀਆਂ ਨੇ ਦਿੱਤੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜ਼ਿਆਦਾਤਰ ਜ਼ਖਮੀਆਂ ਦਾ ਹਸਪਤਾਲ ਦੀ ਐਮਰਜੈਂਸੀ ਯੂਨਿਟ ‘ਚ ਇਲਾਜ ਚੱਲ ਰਿਹਾ ਹੈ। ਜਿਸ ਇਮਾਰਤ ‘ਚ ਧਮਾਕਾ ਹੋਇਆ, ਉਸ ਦੀ ਹੇਠਲੀ ਮੰਜ਼ਿਲ ‘ਤੇ ਸੈਨੇਟਰੀ ਉਤਪਾਦਾਂ ਦੇ ਕਈ ਸਟੋਰ ਹਨ। ਬ੍ਰੈਕ ਬੈਂਕ ਦੀ ਸ਼ਾਖਾ ਵੀ ਇਸਦੇ ਨਾਲ ਹੀ ਸਥਿਤ ਹੈ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਧਮਾਕੇ ਕਾਰਨ ਸੜਕ ਦੇ ਕੋਲ ਖੜੀ ਇੱਕ ਬੱਸ ਨੂੰ ਵੀ ਨੁਕਸਾਨ ਪਹੁੰਚਿਆ ਹੈ।