ਵਾਰਿਸ ਪੰਜਾਬ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਕਥਿਤ ਸੋਸ਼ਲ ਮੀਡੀਆ ਹੈਂਡਲਰ ਗੁਰਿੰਦਰਪਾਲ ਸਿੰਘ ਔਜਲਾ ਨੂੰ ਇੰਗਲੈਂਡ ਜਾਣ ਸਮੇਂ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਾਬੂ ਕਰ ਕੇ ਪੁਲਿਸ ਹਵਾਲੇ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਗੁਰਿੰਦਰਪਾਲ ਸਿੰਘ ਔਜਲਾ ਦੀ ਗ੍ਰਿਫਤਾਰੀ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ’ਤੇ ਹੋਈ ਹੈ। ਗੁਰਿੰਦਰਪਾਲ ਸਿੰਘ ਔਜਲਾ ਯੂਕੇ ਆਧਾਰਿਤ ਪਰਵਾਸੀ ਭਾਰਤੀ ਹੈ ਅਤੇ ਜਲੰਧਰ ਪੁਲਿਸ ਨੂੰ ਲੋੜੀਂਦਾ ਸੀ। ਉਹ ਏਅਰ ਇੰਡੀਆ ਦੀ ਉਡਾਣ ਰਾਹੀਂ ਲੰਡਨ ਜਾ ਰਿਹਾ ਸੀ। ਵੇਰਵਿਆਂ ਅਨੁਸਾਰ ਜਲੰਧਰ ਦੀ ਸਦਰ ਪੁਲਿਸ ਨੇ ਫਰਵਰੀ ਵਿਚ ਉਸ ਖਿਲਾਫ ਸੋਸ਼ਲ ਮੀਡੀਆ ਉਤੇ ਹਥਿਆਰ ਦਿਖਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ। ਪੁਲਿਸ ਨੇ ਉਸ ਦੇ ਖ਼ਿਲਾਫ਼ ਲੁੱਕਆਊਟ ਸਰਕੁਲਰ ਐੱਲਓਸੀ ਜਾਰੀ ਕਰ ਦਿੱਤੀ ਸੀ। ਪੁਲਿਸ ਨੇ ਉਸ ਦਾ ਮੋਬਾਈਲ ਜ਼ਬਤ ਕਰ ਲਿਆ ਹੈ।