ਪੰਜਾਬ ਵਿੱਚ ਪਾਕਿਸਤਾਨੀ ਘੁਸਪੈਠ ਬੇਰੋਕ ਜਾਰੀ ਹੈ। ਪਾਕਿਸਤਾਨ ਡਰੋਨ ਰਾਹੀਂ ਪੰਜਾਬ ਵਿੱਚ ਲਗਾਤਾਰ ਨਸ਼ਿਆਂ ਦਾ ਕਾਰੋਬਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਭਾਰਤੀ ਸਰਹੱਦ ’ਤੇ ਤੈਨਾਤ ਬੀਐਸਐਫ ਦੇ ਜਵਾਨਾਂ ਵੱਲੋਂ ਪਾਕਿਸਤਾਨ ਦੀ ਹਰ ਇੱਕ ਕੋਸ਼ਿਸ਼ ਨੂੰ ਨਾਕਾਮ ਕੀਤਾ ਜਾ ਰਿਹਾ ਹੈ। ਇਸੇ ਦੇ ਚੱਲਦੇ ਇੱਕ ਵਾਰ ਫਿਰ ਅਜਨਾਲਾ ’ਚ ਬੀਤੀ ਰਾਤ ਪੁਲਿਸ ਥਾਣਾ ਰਮਦਾਸ ਦੀ ਬੀਓਪੀ ਛੱਨਾਂ ’ਚ ਪਾਕਿਸਤਾਨ ਦੇ ਪਾਸੇ ਤੋਂ ਡਰੋਨ ਨੇ ਭਾਰਤੀ ਖੇਤਰ ਵਿਚ ਦਸਤਕ ਦਿੱਤੀ । ਮਿਲੀ ਜਾਣਕਾਰੀ ਮੁਤਾਬਿਕ ਜਿਵੇਂ ਹੀ ਪਾਕਿਸਤਾਨੀ ਡਰੋਨ ਨੇ ਭਾਰਤੀ ਸਰਹੱਦ ’ਤੇ ਦਸਤਕ ਦਿੱਤੀ ਬੀਐਸਐਫ ਦੀ 73 ਬਟਾਲੀਅਨ ਦੇ ਜਵਾਨਾਂ ਨੇ ਉਸ ’ਤੇ ਫਾਇਰਿੰਗ ਕਰ ਦਿੱਤੀ। ਜਿਸ ਤੋਂ ਬਾਅਦ ਡਰੋਨ ਪਾਕਿਸਤਾਨ ਵੱਲ ਨੂੰ ਵਾਪਿਸ ਪਰਤ ਗਿਆ। ਫਿਲਹਾਲ ਪੁਲਿਸ ਅਤੇ ਬੀਐਸਐਫ ਦੇ ਜਵਾਨਾਂ ਵੱਲੋਂ ਸਾਂਝਾ ਆਪਰੇਸ਼ਨ ਜਾਰੀ ਹੈ।