ਦਿੱਲੀ-ਦੋਹਾ ਇੰਡੀਗੋ ਦੇ ਇਕ ਜਹਾਜ਼ ਦੀ ਪਾਕਿਸਤਾਨ ਦੇ ਕਰਾਚੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕੀਤੀ ਗਈ ਹੈ। ਦਰਅਸਲ, ਇੰਡੀਗੋ ਦੀ ਫਲਾਈਟ ‘ਚ ਇਕ ਯਾਤਰੀ ਅਚਾਨਕ ਬੀਮਾਰ ਹੋ ਗਈ। ਜਿਸ ‘ਤੋਂ ਬਾਅਦ ਪਾਇਲਟ ਨੇ ਇਸ ਦੀ ਐਮਰਜੈਂਸੀ ਲੈਂਡਿੰਗ ਦਾ ਫੈਸਲਾ ਕੀਤਾ। ਪਰ ਲੈਂਡਿੰਗ ‘ਤੋਂ ਬਾਅਦ ਮੈਡੀਕਲ ਟੀਮ ਨੇ ਯਾਤਰੀ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮੁਤਾਬਕ ਮ੍ਰਿਤਕ ਯਾਤਰੀ ਨਾਈਜੀਰੀਆ ਦਾ ਨਾਗਰਿਕ ਦੱਸਿਆ ਜਾ ਰਿਹਾ ਹੈ। ਇੰਡੀਗੋ ਏਅਰਲਾਈਨਜ਼ ਦੀ ਫਲਾਈਟ 6E-1736 ਦਾ ਇੱਕ ਯਾਤਰੀ ਫਲਾਈਟ ਦੇ ਵਿਚਕਾਰ ਹੀ ਠੀਕ ਮਹਿਸੂਸ ਨਹੀਂ ਕਰ ਰਿਹਾ ਸੀ। ਇਸ ਤੋਂ ਬਾਅਦ ਫਲਾਈਟ ਦੇ ਪਾਇਲਟ ਨੇ ਕਰਾਚੀ ਏਅਰ ਟ੍ਰੈਫਿਕ ਕੰਟਰੋਲ ਨਾਲ ਸੰਪਰਕ ਕੀਤਾ ਅਤੇ ਮੈਡੀਕਲ ਐਮਰਜੈਂਸੀ ਕਾਰਨ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਮੰਗੀ ਸੀ, ਜਿਸ ਨੂੰ ਕਰਾਚੀ ਹਵਾਈ ਅੱਡੇ ‘ਤੇ ਏਅਰ ਟ੍ਰੈਫਿਕ ਕੰਟਰੋਲਰ ਨੇ ਮਨਜ਼ੂਰੀ ਦੇ ਦਿੱਤੀ। ਇਹ ਮਾਮਲਾ ਐਤਵਾਰ ਰਾਤ ਦਾ ਦੱਸਿਆ ਜਾ ਰਿਹਾ ਹੈ। ਮ੍ਰਿਤਕ ਯਾਤਰੀ ਦੀ ਪਛਾਣ ਅਬਦੁੱਲਾ (60) ਵਜੋਂ ਹੋਈ ਹੈ, ਜੋ ਨਾਈਜੀਰੀਆ ਦਾ ਨਾਗਰਿਕ ਹੈ। ਹਾਲਾਂਕਿ ਫਲਾਈਟ ਦੇ ਲੈਂਡਿੰਗ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ ਸੀ। ਇੰਡੀਗੋ ਦੇ ਇਕ ਬੁਲਾਰੇ ਅਨੁਸਾਰ ਜਹਾਜ਼ ਕਰੀਬ 5 ਘੰਟੇ ਤੱਕ ਖੜੀ ਰਹੀ ਸੀ। ਇਸ ਦੌਰਾਨ CAA ਅਤੇ NIH ਦੇ ਡਾਕਟਰਾਂ ਨੇ ਯਾਤਰੀ ਦਾ ਮੌਤ ਦਾ ਸਰਟੀਫਿਕੇਟ ਜਾਰੀ ਕੀਤਾ। ਇਸ ‘ਤੋਂ ਬਾਅਦ ਯਾਤਰੀ ਦੀ ਮ੍ਰਿਤਕ ਦੀ ਦੇਹ ਨੂੰ ਫਲਾਈਟ ‘ਚ ਦਿੱਲੀ ਭੇਜ ਦਿੱਤਾ ਗਿਆ। ਇੰਡੀਗੋ ਏਅਰਲਾਈਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਦਿੱਲੀ ਤੋਂ ਦੋਹਾ ਜਾਣ ਵਾਲੀ ਇੰਡੀਗੋ ਦੀ ਉਡਾਣ 6E-1736 ਨੂੰ ਮੈਡੀਕਲ ਐਮਰਜੈਂਸੀ ਕਾਰਨ ਕਰਾਚੀ ਵੱਲ ਮੋੜ ਦਿੱਤਾ ਗਿਆ ਸੀ। ਬਦਕਿਸਮਤੀ ਨਾਲ, ਲੈਂਡਿੰਗ ਤੋਂ ਬਾਅਦ, ਮੈਡੀਕਲ ਟੀਮ ਦੁਆਰਾ ਯਾਤਰੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਬਿਆਨ ਵਿਚ ਅੱਗੇ ਕਿਹਾ ਗਿਆ ਹੈ, ‘ਅਸੀਂ ਇਸ ਖ਼ਬਰ ਤੋਂ ਬਹੁਤ ਦੁਖੀ ਹਾਂ ਅਤੇ ਸਾਡੀਆਂ ਪ੍ਰਾਰਥਨਾਵਾਂ ਅਤੇ ਸੰਵੇਦਨਾ ਉਨ੍ਹਾਂ ਦੇ ਪਰਿਵਾਰ ਅਤੇ ਪਿਆਰਿਆਂ ਨਾਲ ਹਨ। ਫਿਲਹਾਲ ਅਸੀਂ ਸਬੰਧਤ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਫਲਾਈਟ ਦੇ ਹੋਰ ਯਾਤਰੀਆਂ ਨੂੰ ਸ਼ਿਫਟ ਕਰਨ ਦੇ ਪ੍ਰਬੰਧ ਕਰ ਰਹੇ ਹਾਂ।