ਵਿਜੀਲੈਂਸ ਸੂਤਰਾਂ ਦੇ ਹਵਾਲੇ ਤੋਂ ਵੱਡਾ ਖ਼ੁਲਾਸਾ, ਜੰਗ-ਏ-ਆਜ਼ਾਦੀ ਵਾਰ ਮੈਮੋਰੀਅਲ ਕਰਤਾਰਪੁਰ ਦੀ ਉਸਾਰੀ ‘ਚ ਮਿਲੇ ਘੁਟਾਲੇ ਦੇ ਸਬੂਤ ?

ਜੰਗ-ਏ-ਆਜ਼ਾਦੀ ਵਾਰ ਮੈਮੋਰੀਅਲ ਦੀ ਉਸਾਰੀ ਮੌਕੇ ਵੱਡੇ ਘੁਟਾਲੇ ਹੋਏ ਹਨ। ਇਹ ਜਾਣਕਾਰੀ ਵਿਜੀਲੈਂਸ ਸੂਤਰਾਂ ਵਲੋਂ ਮਿਲੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਾਰ ਮੈਮੋਰੀਅਲ ਦੀ ਉਸਾਰੀ ਮੌਕੇ ਵੱਡੇ ਪੱਧਰ ‘ਤੇ ਘਪਲਾ ਕੀਤਾ ਗਿਆ ਹੈ। ਹੁਣ ਵਿਜੀਲੈਂਸ ਵਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਸ਼ਹੀਦਾਂ ਦੇ ਨਾਮ ‘ਤੇ ਹੋਏ ਇਸ ਭ੍ਰਿਸ਼ਟਾਚਾਰ ਤੋਂ ਪਰਦਾ ਚੁੱਕਣ ਲਈ ਵਿਜੀਲੈਂਸ ਵਲੋਂ ਵਾਰ ਮੈਮੋਰੀਅਲ ਦੇ ਸਕੱਤਰ ਲਖਵਿੰਦਰ ਸਿੰਘ ਜੌਹਲ ਕੋਲੋਂ ਕਰੀਬ ਢਾਈ ਘੰਟੇ ਪੁੱਛਗਿੱਛ ਕੀਤੀ ਗਈ ਹੈ। ਇਹ ਪੁੱਛ ਪੜਤਾਲ ਵਿਜੀਲੈਂਸ ਬਿਊਰੋ, ਜਲੰਧਰ ਜ਼ੋਨ ਦੇ ਐਸਐਸਪੀ ਰਾਜੇਸ਼ਵਰ ਸਿੰਘ ਸਿੱਧੂ ਅਤੇ ਡੀਐਸਪੀ ਜਤਿੰਦਰਜੀਤ ਸਿੰਘ ਵਲੋਂ ਕੀਤੀ ਗਈ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਮੈਮੋਰੀਅਲ ਦੀ ਉਸਾਰੀ ਨੂੰ ਲੈ ਕੇ ਇਕ ਆਈਏਐਸ ਅਧਿਕਾਰੀ ਨੂੰ ਵੀ ਵਿਜੀਲੈਂਸ ਨੇ ਤਲਬ ਕੀਤਾ ਸੀ ਪਰ ਉਕਤ ਅਧਿਕਾਰੀ ਵਲੋਂ ਸਿਹਤ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਅਤੇ ਉਹ ਵਿਜੀਲੈਂਸ ਕੋਲ ਪੇਸ਼ ਨਹੀਂ ਹੋਏ ਹਨ। ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮੈਮੋਰੀਅਲ ਦੇ ਸੀਈਓ ਰਹੇ ਵਿਨੇ ਬੁਬਲਾਨੀ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਪਰ ਉਨ੍ਹਾਂ ਦਾ ਅਪ੍ਰੇਸ਼ਨ ਹੋਣ ਕਾਰਨ ਉਹ ਹਾਜ਼ਰ ਨਹੀਂ ਹੋ ਸਕੇ। ਉਨ੍ਹਾਂ ਕੋਲੋਂ ਜਾਣਕਾਰੀ ਹਾਸਲ ਕਰਨ ਮਗਰੋਂ ਹੀ ਜਾਂਚ ਨੂੰ ਅੱਗੇ ਵਧਾਇਆ ਜਾਵੇਗਾ। ਉਧਰ ਡਾਕਟਰ ਜੌਹਲ ਦਾ ਕਹਿਣਾ ਹੈ ਕਿ ਉਨ੍ਹਾਂ ਕੋਲੋਂ ਜਾਂਚ ਅਧਿਕਾਰੀਆਂ ਵਲੋਂ ਯਾਦਗਾਰ ਦੀ ਉਸਾਰੀ ਅਤੇ ਪ੍ਰਬੰਧਕੀ ਕਮੇਟੀ ਨਾਲ ਸਬੰਧਿਤ ਕੁਝ ਸਵਾਲ ਪੁੱਛੇ ਗਏ ਸਨ ਜਿਨ੍ਹਾਂ ਦਾ ਜਵਾਬ ਉਨ੍ਹਾਂ ਨੇ ਦੇ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਭਵਿੱਖ ਵਿੱਚ ਵੀ ਕੋਈ ਲੋੜ ਹੁੰਦੀ ਹੈ ਤਾਂ ਉਹ ਦੁਬਾਰਾ ਦਫਤਰ ਆ ਕੇ ਜਾਂਚ ਵਿੱਚ ਸਹਿਯੋਗ ਕਰਨਗੇ। ਜ਼ਿਕਰਯੋਗ ਹੈ ਕਿ ਇਹ ਯਾਦਗਾਰ ਜਲੰਧਰ ਤੋਂ ਕੁਝ ਦੂਰੀ ‘ਤੇ ਕਰਤਾਰਪੁਰ ਵਿਖੇ ਸ਼ਹੀਦਾਂ ਦੀ ਯਾਦ ਵਿੱਚ ਬਣਾਈ ਗਈ ਸੀ। ਇੰਡੀਅਨ ਇੰਸਟੀਟਿਊਟ ਆਫ ਆਰਕੀਟੈਕਟ ਤੋਂ 1989 ‘ਚ ਸੋਨ ਤਮਗ਼ਾ ਹਾਸਲ ਕਰਨ ਵਾਲੇ ਰਾਜ ਰਵੇਲ ਨੇ ਇਸ ਬਿਲਡਿੰਗ ਨੂੰ ਡਿਜ਼ਾਈਨ ਕੀਤਾ ਹੈ। 25 ਏਕੜ ‘ਚ ਬਣਾਉਣ ਦਾ ਦਾਅਵਾ ਕੀਤਾ ਗਿਆ ਸੀ। ਦੱਸ ਦੇਈਏ ਕਿ ਇਸ ਪੂਰੀ ਇਮਾਰਤ ਵਿੱਚ ਛੋਟੇ ਅਤੇ ਵੱਡੇ ਕਮਲ ਦੇ ਫੁੱਲ ਬਣਾਏ ਗਏ ਹਨ। ਜੇਕਰ ਅਸਮਾਨ ਤੋਂ ਦੇਖਿਆ ਜਾਵੇ ਤਾਂ ਇਹ ਇੱਕ ਫੁਲਕਾਰੀ ਵਰਗਾ ਨਜ਼ਰ ਆਉਂਦਾ ਹੈ।

Leave a Reply

Your email address will not be published. Required fields are marked *