ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀਆਂ 1 ਅਪ੍ਰੈਲ ਨੂੰ ਰਿਹਾਅ ਹੋਣ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ। ਹਾਸਿਲ ਜਾਣਕਾਰੀ ਮੁਤਾਬਕ ਸਿੱਧੂ ਵੱਲੋਂ ਪੂਰੀ ਸਜ਼ਾ ਦੌਰਾਨ ਕੋਈ ਛੁੱਟੀ ਨਾ ਲੈਣ ਦਾ ਉਨ੍ਹਾਂ ਨੂੰ ਵੱਡਾ ਲਾਭ ਮਿਲ ਸਕਦਾ ਹੈ। ਕਾਬਲੇਗੌਰ ਹੈ ਕਿ ਇਸ ਤੋਂ ਪਹਿਲਾਂ 26 ਜਨਵਰੀ 2023 ਨੂੰ ਵੀ ਉਨ੍ਹਾਂ ਦੀ ਰਿਹਾਈ ਦੀ ਉਮੀਦ ਜਤਾਈ ਜਾ ਰਹੀ ਸੀ। ਕੈਬਨਿਟ ਨੂੰ ਭੇਜੀ ਗਈ ਫਾਈਲ ਵਿੱਚ ਉਨ੍ਹਾਂ ਦਾ ਨਾਂਅ ਨਾ ਹੋਣ ਕਾਰਨ ਉਨ੍ਹਾਂ ਦੀ ਰਿਹਾਈ ਨਾ ਹੋ ਪਾਈ ਸੀ। ਦੱਸਣਯੋਗ ਹੈ ਕਿ ਸਿੱਧੂ ਨੂੰ ਪਿਛਲੇ ਸਾਲ 20 ਮਈ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ ਪਰ ਹੁਣ ਸ਼ਾਇਦ ਉਨ੍ਹਾਂ ਨੂੰ ਰਿਹਾਈ ਲਈ 19 ਮਈ 2023 ਤੱਕ ਦੀ ਉਡੀਕ ਨਹੀਂ ਕਰਨੀ ਪਵੇਗੀ। ਦਰਅਸਲ ਉਨ੍ਹਾਂ ਨੂੰ ਇਸ ਗੱਲ ਦਾ ਲਾਭ ਮਿਲ ਰਿਹਾ ਕਿ ਉਨ੍ਹਾਂ ਨੇ ਪੂਰੇ ਸਾਲ ਆਪਣੀ ਸਜ਼ਾ ਦੌਰਾਨ ਕੋਈ ਛੁੱਟੀ ਨਹੀਂ ਲਈ। ਜਿਸ ਕਾਰਨ ਹਫ਼ਤਾਵਾਰੀ ਅਤੇ ਹੋਰ ਸਰਕਾਰੀ ਛੁੱਟੀਆਂ ਵਿੱਚ ਕਟੌਤੀ ਹੋਣ ਕਾਰਨ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ 1 ਅਪ੍ਰੈਲ ਨੂੰ ਰਿਹਾਅ ਕੀਤਾ ਜਾ ਸਕਦਾ ਹੈ। ਕਾਂਗਰਸ ਨਹੀਂ ਦੁਹਰਾਉਣਾ ਚਾਹੁੰਦੀ ਆਪਣੀ ਗਲਤੀ ਕਾਂਗਰਸ 26 ਜਨਵਰੀ ਵਾਂਗ ਤਿਆਰੀਆਂ ਦਾ ਰੌਲਾ ਨਹੀਂ ਪਾਉਣਾ ਚਾਹੁੰਦੀ। ਜ਼ਿਕਰਯੋਗ ਹੈ ਕਿ ਦਸੰਬਰ 2022 ਤੋਂ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਸੀ। ਪੰਜਾਬ ਕਾਂਗਰਸ ਦਾ ਇੱਕ ਵੱਡਾ ਵਰਗ ਵੀ ਸਿੱਧੂ ਦੇ ਸਵਾਗਤ ਦੀਆਂ ਤਿਆਰੀਆਂ ਵਿੱਚ ਜੁੱਟ ਗਿਆ ਸੀ। ਸਾਰਿਆਂ ਨੂੰ ਉਮੀਦ ਸੀ ਕਿ ਨਵਜੋਤ ਸਿੰਘ ਸਿੱਧੂ 26 ਜਨਵਰੀ 2023 ਨੂੰ ਰਿਹਾਅ ਹੋ ਜਾਣਗੇ। 26 ਜਨਵਰੀ ਦੀ ਸਵੇਰ ਤੋਂ ਹੀ ਸਮਰਥਕ ਜੇਲ੍ਹ ਦੇ ਬਾਹਰ ਪਹੁੰਚ ਗਏ ਸਨ ਪਰ ਸਿੱਧੂ ਬਾਹਰ ਨਹੀਂ ਆਏ।