ਖਾਲਿਸਤਾਨੀ ਸਮਰਥਕ ਅਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਨੇ ਭਗੌੜਾ ਐਲਾਨਿਆ ਹੈ। ਉਹ ਗ੍ਰਿਫਤਾਰੀ ਤੋਂ ਬਚਣ ਲਈ ਆਪਣਾ ਭੇਸ ਬਦਲ ਕੇ ਭੱਜ ਰਿਹਾ ਹੈ ਅਤੇ ਪੁਲਿਸ ਵੱਲੋਂ ਉਸ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਤਾਜਾ ਜਾਣਕਾਰੀ ਅਨੁਸਾਰ ਖਾਲਿਸਤਾਨੀ ਅੰਮ੍ਰਿਤਪਾਲ ਸਿੰਘ ਦੇ ਸਬੰਧ ਵਿੱਚ ਜੰਮੂ ਵਿੱਚ ਛਾਪੇਮਾਰੀ ਕੀਤੀ ਹੈ। ਜੰਮੂ ਦੇ ਆਰਐਸ ਪੁਰਾ ਖੇਤਰ ਤੋਂ ਜੰਮੂ ਪੁਲਿਸ ਨੇ ਉਸਦੇ ਇੱਕ ਸਾਥੀ ਨੂੰ ਹਿਰਾਸਤ ਵਿੱਚ ਲਿਆ। ਉਸ ਦੀ ਪਛਾਣ ਅਮਰੀਕ ਸਿੰਘ ਵਜੋਂ ਹੋਈ ਹੈ। ਅਮਰੀਕ ਸਿੰਘ 18 ਮਾਰਚ ਤੋਂ ਪਹਿਲਾਂ ਅੰਮ੍ਰਿਤਪਾਲ ਦੇ ਸੰਪਰਕ ਵਿੱਚ ਸੀ। ਪੰਜਾਬ ਪੁਲਿਸ ਦੀ ਸੂਚਨਾ ‘ਤੇ ਹਿਰਾਸਤ ‘ਚ ਲਿਆ ਗਿਆ ਹੈ। ਦੱਸ ਦਈਏ ਕਿ ਅਮਰੀਕ ਸਿੰਘ ਵਾਸੀ ਆਰ.ਐਸ ਪੁਰਾ ਅਤੇ ਉਸਦੀ ਪਤਨੀ ਸਰਬਜੀਤ ਕੌਰ ਨੂੰ ਜੰਮੂ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਅਤੇ ਪਪਲਪ੍ਰੀਤ ਸਿੰਘ ਨਾਲ ਕਥਿਤ ਸਬੰਧ ਹੋਣ ਦੇ ਦੋਸ਼ ਵਿੱਚ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ। ਬੀਤੇ ਦਿਨ ਵੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਕਾਰਵਾਈ ਦੌਰਾਨ ਪੰਜਾਬ ਪੁਲਿਸ ਨੇ ਹਰਿਆਣਾ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਬਲਜੀਤ ਕੌਰ ਨਾਮ ਦੀ ਇਕ ਔਰਤ ਨੂੰ 19 ਮਾਰਚ ਨੂੰ ਹਰਿਆਣਾ ਦੇ ਕੁਰੂਕਸ਼ੇਤਰ ਵਿਖੇ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਹਿਯੋਗੀ ਪਪਲਪ੍ਰੀਤ ਸਿੰਘ ਨੂੰ ਉਸ ਦੇ ਘਰ ਵਿਚ ਪਨਾਹ ਦੇਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ। ਸੂਤਰਾਂ ਅਨੁਸਾਰ ਅੰਮ੍ਰਿਤਪਾਲ ਨੂੰ ਘਰ ‘ਚ ਪਨਾਹ ਦੇਣ ਵਾਲੀ ਬਲਜੀਤ ਕੌਰ ਪੱਪਲਪ੍ਰੀਤ ਸਿੰਘ ਦੇ ਯੂ -ਟਿਊਬ ਚੈੱਨਲ ਰਾਹੀ ਢਾਈ ਸਾਲ ਪਹਿਲਾਂ ਪਪਲਪ੍ਰੀਤ ਦੇ ਸੰਪਰਕ ‘ਚ ਆਈ ਸੀ। ਦੱਸ ਦਈਏ ਕਿ ਪੁਲਿਸ ਨੇ ਬੀਤੇ ਦਿਨੀਂ ਨੂੰ ਦੱਸਿਆ ਕਿ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਇੱਕ ਹੋਰ ਕਥਿਤ ਸਹਿਯੋਗੀ ਨੂੰ ਰਾਸ਼ਟਰੀ ਰਾਜਧਾਨੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਦਿੱਲੀ ਪੁਲਿਸ ਨੇ ਪੰਜਾਬ ਪੁਲਿਸ ਨਾਲ ਮਿਲ ਕੇ ਮੰਗਲਵਾਰ ਨੂੰ ਤਿਲਕ ਵਿਹਾਰ ਤੋਂ ਇੱਕ ਬੀਮਾ ਏਜੰਟ ਅਮਿਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ।