1 ਮਈ ਤੋਂ ਫੋਨ ‘ਤੇ ਅਣਚਾਹੀਆਂ ਕਾਲਾਂ ਤੋਂ ਮਿਲੇਗਾ ਛੁਟਕਾਰਾ, ਸਰਕਾਰ ਨੇ ਦਿੱਤਾ ਵੱਡਾ ਹੁਕਮ

ਹੁਣ 1 ਮਈ ਤੋਂ ਤੁਹਾਡੇ ਫੋਨ ‘ਤੇ ਅਣਚਾਹੀਆਂ ਕਾਲਾਂ ਆਉਣੀਆਂ ਬੰਦ ਹੋ ਜਾਣਗੀਆਂ। ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ‘ਚ ਰੱਖਦੇ ਹੋਏ ਟਰਾਈ ਨੇ ਸਖਤੀ ਦਿਖਾਈ ਹੈ। ਇਸ ਸਬੰਧੀ ਕੰਪਨੀਆਂ ਨੂੰ ਸਖ਼ਤ ਹੁਕਮ ਦਿੱਤੇ ਗਏ ਹਨ। ਕੰਪਨੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਵਾਲੇ ਸਪੈਮ ਫਿਲਟਰ ਲਗਾਉਣ ਲਈ ਕਿਹਾ ਗਿਆ ਹੈ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟਰਾਈ) ਨੇ ਟੈਲੀਕਾਮ ਕੰਪਨੀਆਂ ਨੂੰ 1 ਮਈ ਤੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਲੈਸ ਸਪੈਮ ਫਿਲਟਰ ਲਗਾਉਣ ਲਈ ਕਿਹਾ ਹੈ, ਤਾਂ ਜੋ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੀਆਂ ਅਣਚਾਹੀਆਂ ਕਾਲਾਂ ਨੂੰ ਨੈੱਟਵਰਕ ‘ਤੇ ਹੀ ਬਲਾਕ ਕੀਤਾ ਜਾ ਸਕੇ। ਟਰਾਈ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਲੈਸ ਸਪੈਮ ਫਿਲਟਰ ਨੈੱਟਵਰਕ ‘ਤੇ ਹੀ ਕਾਲਾਂ ਬੰਦ ਕਰ ਦੇਣਗੇ, ਜਿਸ ਦਾ ਮਤਲਬ ਹੈ ਕਿ ਅਜਿਹੀਆਂ ਕਾਲਾਂ ਆਮ ਲੋਕਾਂ ਦੇ ਫੋਨ ਨੰਬਰਾਂ ਤੱਕ ਨਹੀਂ ਪਹੁੰਚ ਸਕਣਗੀਆਂ। ਇਸ ਦਾ ਫਾਇਦਾ ਇਹ ਹੋਵੇਗਾ ਕਿ ਮੀਟਿੰਗ, ਹਸਪਤਾਲ ਜਾਂ ਜ਼ਰੂਰੀ ਕੰਮ ਦੇ ਦੌਰਾਨ ਤੁਹਾਨੂੰ ਪਰੇਸ਼ਾਨ ਕਰਨ ਵਾਲੀਆਂ ਅਣਚਾਹੀਆਂ ਕਾਲਾਂ ਜਾਂ ਸਪੈਮ ਕਾਲਾਂ ਹੁਣ ਨਹੀਂ ਵੱਜਣਗੀਆਂ। ਇਸ ਤੋਂ ਪਹਿਲਾਂ ਹੀ ਇਨ੍ਹਾਂ ਕਾਲਾਂ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ। ਇਸ ਸੇਵਾ ਲਈ ਕੰਪਨੀਆਂ ਨੂੰ ਸਾਂਝੇ ਪਲੇਟਫਾਰਮ ਦੀ ਵਰਤੋਂ ਕਰਨੀ ਪਵੇਗੀ। ਦੇਸ਼ ਵਿੱਚ ਵੱਖ-ਵੱਖ ਦੂਰਸੰਚਾਰ ਨੈੱਟਵਰਕਾਂ ਦੇ ਕਾਰਨ ਇਹ ਪਲੇਟਫਾਰਮ ਸਾਰੇ ਨੈੱਟਵਰਕਾਂ ‘ਤੇ ਅਣਚਾਹੇ ਜਾਂ ਸਪੈਮ ਕਾਲਾਂ ਨੂੰ ਰੋਕਣ ਵਿੱਚ ਮਦਦ ਕਰੇਗਾ। ਕੰਪਨੀਆਂ ਨੂੰ ਉਨ੍ਹਾਂ ਬਲੌਕ ਕੀਤੇ ਨੰਬਰਾਂ ਦੀ ਜਾਣਕਾਰੀ ਇਸ ਪਲੇਟਫਾਰਮ ‘ਤੇ ਪਾਉਣੀ ਹੋਵੇਗੀ, ਜੋ ਲੋਕਾਂ ਨੂੰ ਸਪੈਮ ਜਾਂ ਅਣਚਾਹੇ ਕਾਲ ਕਰਦੇ ਹਨ। ਇਸ ਕਾਰਵਾਈ ਨੂੰ ਪੂਰਾ ਕਰਨ ਲਈ ਕੰਪਨੀਆਂ ਨੂੰ 1 ਮਈ ਤੱਕ ਦਾ ਸਮਾਂ ਦਿੱਤਾ ਗਿਆ ਹੈ। 1 ਮਈ ਤੋਂ ਬਾਅਦ ਅਜਿਹੇ ਨੰਬਰਾਂ ਤੋਂ ਆਉਣ ਵਾਲੀਆਂ ਕਾਲਾਂ ਨੂੰ ਹੀ ਨੈੱਟਵਰਕ ‘ਤੇ ਬਲਾਕ ਕਰਨਾ ਹੋਵੇਗਾ। ਟਰਾਈ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਬੈਂਕ, ਆਧਾਰ ਜਾਂ ਕਿਸੇ ਹੋਰ ਜ਼ਰੂਰੀ ਸੇਵਾ ਨਾਲ ਸਬੰਧਤ ਸੰਦੇਸ਼ਾਂ ਅਤੇ ਕਾਲਾਂ ਲਈ ਨੰਬਰਾਂ ਦੀ ਵੱਖਰੀ ਲੜੀ ਅਲਾਟ ਕੀਤੀ ਜਾਵੇਗੀ। ਬਾਕੀ ਸਾਰੇ ਨੰਬਰ ਬਲੌਕ ਕਰ ਦਿੱਤੇ ਜਾਣਗੇ। ਇਸ ਦਾ ਮਤਲਬ ਹੈ ਕਿ ਹੁਣ ਇਹ ਸਾਰੇ SMS ਅਤੇ ਕਾਲ ਸਿਰਫ਼ ਇੱਕ ਵਿਸ਼ੇਸ਼ ਸੀਰੀਜ਼ ਨੰਬਰ ਤੋਂ ਹੀ ਆਉਣਗੇ। ਯਾਨੀ ਕਿ ਇਨ੍ਹਾਂ ਕਾਲਾਂ ਨੂੰ ਦੇਖਣ ‘ਤੇ ਪਤਾ ਲੱਗ ਜਾਵੇਗਾ ਕਿ ਇਹ ਜ਼ਰੂਰੀ ਕਾਲ ਹਨ ਜਾਂ SMS ਹਨ।

Leave a Reply

Your email address will not be published. Required fields are marked *