ਐਲਨ ਮਸਕ ਵੱਲੋਂ ਟਵਿੱਟਰ ‘ਤੇ ਬਲੂ ਟਿੱਕ ਦੀ ਵੈਰੀਫਿਕੇਸ਼ਨ ਲਈ ਪੈਸੇ ਵਸੂਲਣ ਮਗਰੋਂ ਹੁਣ ਸੋਸ਼ਲ ਮੀਡੀਆ ਕੰਪਨੀ ਮੇਟਾ ਨੇ ਵੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਬਲੂ ਟਿੱਕ ਲਈ ਚਾਰਜ ਲੈਣ ਦਾ ਫੈਸਲਾ ਕੀਤਾ ਹੈ। ਮੇਟਾ ਨੇ ਹਾਲ ਹੀ ਵਿੱਚ US ਵਿੱਚ ਬਲੂ ਟਿੱਕ ਦੇ ਨਾਲ ਮੈਟਾ ਅਕਾਉਂਟਸ ਭਾਵ ਫੇਸਬੁੱਕ ਅਤੇ ਇੰਸਟਾਗ੍ਰਾਮ ਖਾਤਿਆਂ ਦੀ ਪੁਸ਼ਟੀ ਕਰਨ ਲਈ ਪ੍ਰਤੀ ਮਹੀਨਾ 14.99 ਡਾਲਰ ਦਾ ਚਾਰਜ ਤੈਅ ਕੀਤਾ ਸੀ। ਰਿਪੋਰਟਾਂ ਮੁਤਾਬਕ ਮੇਟਾ ਦੇ ਪਲੇਟਫਾਰਮਸ ‘ਤੇ ਵੈਰੀਫਿਕੇਸ਼ਨ ਲਈ ਯੂਜ਼ਰਸ ਨੂੰ ਮੋਬਾਈਲ ਡਿਵਾਈਸ ਲਈ 1,450 ਰੁਪਏ ਪ੍ਰਤੀ ਮਹੀਨਾ ਅਤੇ ਵੈਬ ਬ੍ਰਾਊਜ਼ਰ ਦੁਆਰਾ ਸਬਸਕ੍ਰਾਈਬ ਕਰਨ ਲਈ ਪ੍ਰਤੀ ਮਹੀਨਾ 1,009 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਟਵਿੱਟਰ ਬਲੂ ਸਬਸਕ੍ਰਿਪਸ਼ਨ ਵਾਂਗ ਹੀ ਮੇਟਾ ਵੈਰੀਫਾਈਡ ਤੁਹਾਡੇ ਇੰਸਟਾਗ੍ਰਾਮ ਅਤੇ ਫੇਸਬੁੱਕ ਖਾਤਿਆਂ ਵਿੱਚ ਇੱਕ ਬਲੂ ਚੈੱਕਮਾਰਕ ਜੋੜ ਦੇਵੇਗਾ। ਇਸ ਵੇਲੇ ਮੇਟਾ ਵੈਰੀਫਾਈਡ ਬੀਟਾ ਪੜਾਅ ਵਿੱਚ ਉਪਲਬਧ ਹੈ ਅਤੇ ਯੂਜ਼ਰਸ ਨੂੰ ਆਪਣੇ ਫੇਸਬੁੱਕ ਅਤੇ ਇੰਸਟਾਗ੍ਰਾਮ ਖਾਤਿਆਂ ਦੀ ਪੁਸ਼ਟੀ ਕਰਨ ਲਈ ਵੇਟਿੰਗ ਲਿਸਟ ਵਿੱਚ ਸ਼ਾਮਲ ਹੋਣਾ ਪੈਂਦਾ ਹੈ। ਪ੍ਰੋਫਾਈਲ ‘ਤੇ ਬਲੂ ਟਿਕ ਮਾਰਕ ਜੋੜਨ ਤੋਂ ਇਲਾਵਾ ਮੈਟਾ ਵੈਰੀਫਾਈਡ ਖਾਤਿਆਂ ਨੂੰ ਕਈ ਹੋਰ ਵਿਸ਼ੇਸ਼ਤਾਵਾਂ ਅਤੇ ਸਹੂਲਤਾਂ ਵੀ ਮਿਲਣਗੀਆਂ। ਇਨ੍ਹਾਂ ਵਿੱਚ ਪ੍ਰੋਐਕਟਿਵ ਪ੍ਰੋਟੈਕਸ਼ਨ, ਡਾਇਰੈਕਟ ਕਸਟਮਰ ਸਪੋਰਟ, ਜ਼ਿਆਦਾ ਰੀਚ ਤੇ ਐਕਸਲੂਸਿਵ ਐਕਸਟ੍ਰਾ ਸ਼ਾਮਲ ਹਨ। ਇਸ ਗੱਲ ਦਾ ਧਿਆਨ ਰਖੋ ਕਿ ਇਸ ਵੇਲੇ ਮੇਟਾ ਵੇਰੀਫਾਈਡ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਤੇ ਕਾਰੋਬਾਰਾਂ ਲਈ ਮੁਹੱਈਆ ਨਹੀਂ ਹੈ। ਕੋਈ ਵੀ ਫੇਸਬੁੱਕ ਅਤੇ ਇੰਸਟਾਗ੍ਰਾਮ ਯੂਜ਼ਰ ਜਿਸ ਦੀ ਉਮਰ ਘੱਟੋ-ਘੱਟ 18 ਸਾਲ ਹੈ, ਆਪਣੇ ਖਾਤੇ ਦੀ ਤਸਦੀਕ ਕਰਵਾ ਸਕਦਾ ਹੈ। ਜਨਤਕ ਜਾਂ ਨਿੱਜੀ ਪ੍ਰੋਫਾਈਲ ਵਾਲੇ ਉਪਭੋਗਤਾ ਜਿਨ੍ਹਾਂ ਦੀ ਗਤੀਵਿਧੀ ਘੱਟੋ-ਘੱਟ ਹੈ, ਆਪਣੇ ਅਕਾਊਂਟ ਦੀ ਤਸਦੀਕ ਕਰਵਾ ਸਕਦੇ ਹਨ। ਇਸੇ ਤਰ੍ਹਾਂ ਵਿਅਕਤੀ ਨੂੰ ਇੱਕ ਸਰਕਾਰੀ ਆਈਡੀ ਵੀ ਦੇਣੀ ਹੋਵੇਗੀ, ਜਿਸ ਵਿੱਚ ਨਾਮ ਅਤੇ ਫੋਟੋ ਉਹੀ ਹੋਵੇ ਅਤੇ ਇੱਕ ਤਸਦੀਕ ਦਸਤਾਵੇਜ਼ ਵਜੋਂ ਵਰਤਿਆ ਜਾ ਸਕਦਾ ਹੈ। ਜੇ ਤੁਸੀਂ ਵੀ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਆਪਣੇ ਖਾਤੇ ਦੀ ਵੈਰੀਫਿਕੇਸ਼ਨ ਲਈ ਅਪਲਾਈ ਕਰਨਾ ਚਾਹੁੰਦੇ ਹੋ, ਤਾਂ ਪਹਿਲਾਂ ਇਸ ਲਿੰਕ about.meta.com/technologies/meta-verified ‘ਤੇ ਜਾਓ ਅਤੇ ਫੇਸਬੁੱਕ ਜਾਂ ਇੰਸਟਾਗ੍ਰਾਮ ‘ਤੇ ਕਲਿੱਕ ਕਰਕੇ ਲੌਗ ਇਨ ਕਰੋ। ਇਸ ਤੋਂ ਬਾਅਦ ਵੇਟਿੰਗ ਲਿਸਟ ‘ਚ ਸ਼ਾਮਲ ਹੋਣ ਲਈ ਆਪਸ਼ਨ ‘ਤੇ ਕਲਿੱਕ ਕਰੋ। ਫਿਰ ਇੱਕ ਵਾਰ ਜਦੋਂ ਤੁਹਾਡਾ ਖਾਤਾ ਵੈਰੀਫਿਕੇਸ਼ਨ ਲਈ ਤਿਆਰ ਹੋ ਜਾਂਦਾ ਹੈ, ਤਾਂ ਤੁਹਾਨੂੰ ਇੱਕ ਈਮੇਲ ਮਿਲ ਜਾਏਗੀ।