ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੀਰਤਪੁਰ ਸਾਹਿਬ-ਸ੍ਰੀ ਅਨੰਦਪੁਰ ਸਾਹਿਬ-ਨੰਗਲ-ਊਨਾ ਵਾਲਾ ਟੋਲ ਪਲਾਜ਼ਾ ਵੀ ਬੰਦ ਕਰਵਾ ਦਿੱਤਾ। ਸੀ.ਐੱਮ. ਮਾਨ ਨੇ ਕਿਹਾ ਕਿ ਲੋਕਾਂ ਦੇ ਪੈਸੇ ਦੀ ਲੁੱਟ ਬਰਦਾਸ਼ਤ ਨਹੀਂ ਕਰਾਂਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਸੂਬੇ ਦੇ ਅੱਠ ਟੋਲ ਪਲਾਜ਼ੇ ਬੰਦ ਕਰਕੇ ਆਮ ਲੋਕਾਂ ਦੇ ਰੋਜ਼ਾਨਾ 10.12 ਲੱਖ ਰੁਪਏ ਦੀ ਬਚਤ ਕੀਤੀ ਹੈ। ਕੀਰਤਪੁਰ ਸਾਹਿਬ-ਨੰਗਲ-ਊਨਾ ਰੋਡ ‘ਤੇ ਸਥਿਤ ਟੋਲ ਪਲਾਜ਼ਾ ਨੂੰ ਬੰਦ ਕਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਟੋਲ ਪਲਾਜ਼ਾ ਪਿਛਲੀਆਂ ਸਰਕਾਰਾਂ ਦੀ ਮਿਲੀਭੁਗਤ ਨਾਲ ਲੋਕਾਂ ਦੀ ਨਾਜਾਇਜ਼ ਲੁੱਟ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਨੇ ਭ੍ਰਿਸ਼ਟਾਚਾਰ ਮੁਕਤ ਪੰਜਾਬ, ਨੌਜਵਾਨਾਂ ਲਈ ਰੁਜ਼ਗਾਰ, ਮੁਫ਼ਤ ਬਿਜਲੀ, ਸਕੂਲਾਂ-ਕਾਲਜਾਂ ਦੀ ਕਾਇਆ ਕਲਪ ਸਮੇਤ ਹੋਰ ਗਾਰੰਟੀਆਂ ਦੇਣ ਦਾ ਵਾਅਦਾ ਕੀਤਾ ਸੀ। ਪਰ, ਭਗਵੰਤ ਮਾਨ ਨੇ ਕਿਹਾ ਕਿ ਕਈ ਹੋਰ ਕੰਮ ਕੀਤੇ ਜਾ ਰਹੇ ਹਨ ਜੋ ਗਾਰੰਟੀ ਦਾ ਹਿੱਸਾ ਨਹੀਂ ਸਨ, ਪਰ ਇਹ ਜ਼ਿੰਮੇਵਾਰ ਸੂਬਾ ਸਰਕਾਰ ਦਾ ਫਰਜ਼ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਟੋਲ ਪਲਾਜ਼ਿਆਂ ਵਿੱਚ ਆਮ ਲੋਕਾਂ ਦੀ ਲੁੱਟ ਨੂੰ ਰੋਕਣਾ ਇਸ ਮੁਹਿੰਮ ਦਾ ਹੀ ਇੱਕ ਹਿੱਸਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਲੋਕ ਸਭਾ ‘ਚ ਇਹ ਮੁੱਦੇ ਉਠਾਏ ਸਨ ਅਤੇ ਹੁਣ ਜਦੋਂ ਉਨ੍ਹਾਂ ਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਤਾਂ ਉਹ ਇਹ ਟੋਲ ਨਾਕੇ ਬੰਦ ਕਰਵਾ ਰਹੇ ਹਨ। ਸੀ.ਐੱਮ. ਮਾਨ ਨੇ ਕਿਹਾ ਕਿ ਇਨ੍ਹਾਂ ਸੜਕਾਂ ਨੂੰ ਲੋਕ ਨਿਰਮਾਣ ਵਿਭਾਗ ਵੱਲੋਂ ਆਪਣੇ ਕਬਜ਼ੇ ਵਿੱਚ ਲੈ ਲਿਆ ਜਾਵੇਗਾ ਅਤੇ ਇਨ੍ਹਾਂ ਸੜਕਾਂ ਦੀ ਸਮੇਂ ਸਿਰ ਮੁਰੰਮਤ, ਚੌੜੀ ਅਤੇ ਮਜ਼ਬੂਤੀ ਨੂੰ ਯਕੀਨੀ ਬਣਾਇਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ‘ਕਿਰਾਏ ‘ਤੇ ਸੜਕਾਂ’ ਦਾ ਦੌਰ ਖਤਮ ਹੋ ਗਿਆ ਹੈ, ਜੋ ਆਮ ਆਦਮੀ ਨੂੰ ਵੱਡੀ ਰਾਹਤ ਹੈ। ਉਨ੍ਹਾਂ ਕਿਹਾ ਕਿ ਜਦੋਂ ਆਮ ਆਦਮੀ ਨੂੰ ਸੱਤਾ ਮਿਲੀ ਹੈ ਤਾਂ ਜਨਤਾ ਦੇ ਪੈਸੇ ਦੀ ਇਸ ਸ਼ਰੇਆਮ ਲੁੱਟ ਨੂੰ ਰੋਕਿਆ ਗਿਆ ਹੈ।