ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਆਪਣੇ ਹਲਕੇ ਗੁਰਦਾਸਪੁਰ ਵਿੱਚੋਂ ਹੀ ਗਾਇਬ ਨਹੀਂ ਹੋਏ ਸਗੋਂ ਉਹ ਸੰਸਦ ਵਿੱਚੋਂ ਵੀ ਗੈਰਹਾਜ਼ਰ ਰਹੇ। ਸੰਨੀ ਦਿਓਲ ਦੇ ਉਹਨਾਂ ਦੇ ਹਲਕੇ ਗੁਰਦਾਸਪੁਰ ‘ਚ ਲਾਪਤਾ ਹੋਣ ਦੇ ਇਸ਼ਤਿਹਾਰ ਵੀ ਲਗਾਏ ਗਏ ਸਨ। ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਹਲਕੇ ਤੋਂ ਹੀ ਨਹੀਂ ਸਗੋਂ ਸੰਸਦ ਤੋਂ ਵੀ ਗਾਇਬ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਦੀ ਸਮੁੱਚੀ ਹਾਜ਼ਰੀ ਸਿਰਫ਼ 20 ਫ਼ੀਸਦੀ ਰਹੀ ਹੈ। ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਨੂੰ ਸ਼ੁਰੂ ਹੋਇਆ ਅਤੇ 6 ਅਪ੍ਰੈਲ ਨੂੰ ਖ਼ਤਮ ਹੋਇਆ। ਇਸ ਸੈਸ਼ਨ ਦੌਰਾਨ 23 ਬੈਠਕਾਂ ਹੋਈਆਂ। ਸੰਨੀ ਦਿਓਲ ਸਿਰਫ ਦੋ ਦਿਨ ਹੀ ਨਜ਼ਰ ਆਏ ਜਦਕਿ ਉਹ 21 ਦਿਨ ਗੈਰਹਾਜ਼ਰ ਰਹੇ। ਦੱਸ ਦੇਈਏ ਕਿ ਸੰਸਦ ਦੇ ਪਿਛਲੇ ਬਜਟ ਸੈਸ਼ਨ ਦੌਰਾਨ ਵੀ ਲੋਕ ਸਭਾ ਮੈਂਬਰਾਂ ਵਿੱਚੋਂ ਗੁਰਦਾਸਪੁਰ ਤੋਂ ਸੰਸਦ ਮੈਂਬਰ ਅਤੇ ਅਦਾਕਾਰ ਸੰਨੀ ਦਿਓਲ ਦੀ ਮੌਜੂਦਗੀ ਸਭ ਤੋਂ ਘੱਟ ਰਹੀ। ਦੂਜੇ ਨੰਬਰ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸੰਸਦ ਮੈਂਬਰ ਸੁਖਬੀਰ ਬਾਦਲ ਰਹੇ ਹਨ। ਸੁਖਬੀਰ ਬਾਦਲ ਸਿਰਫ ਚਾਰ ਦਿਨ ਲਈ ਹੀ ਪਾਰਲੀਮੈਂਟ ਪਹੁੰਚੇ ਤੇ 19 ਦਿਨ ਗੈਰ ਹਾਜ਼ਰ ਰਹੇ। ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ 15 ਦਿਨ ਸੰਸਦ ਵਿੱਚ ਹਾਜ਼ਰ ਰਹੇ ਅਤੇ ਅੱਠ ਦਿਨ ਗ਼ੈਰਹਾਜ਼ਰ ਰਹੇ। ਕਾਂਗਰਸ ਦੇ ਸੰਸਦ ਮੈਂਬਰ ਇਸ ਮਾਮਲੇ ‘ਚ ਸਭ ਤੋਂ ਅੱਗੇ ਰਹੇ ਹਨ। ਚੌਧਰੀ ਸੰਤੋਖ ਸਿੰਘ ਦੀ ਮੌਤ ਕਾਰਨ ਜਲੰਧਰ ਹਲਕੇ ਦੀ ਨੁਮਾਇੰਦਗੀ ਨਹੀਂ ਹੈ। ਕਾਂਗਰਸੀ ਸੰਸਦ ਮੈਂਬਰਾਂ ਮਨੀਸ਼ ਤਿਵਾੜੀ, ਰਵਨੀਤ ਬਿੱਟੂ, ਡਾ. ਅਮਰ ਸਿੰਘ ਅਤੇ ਗੁਰਜੀਤ ਸਿੰਘ ਔਜਲਾ ਦੀ ਬਜਟ ਸੈਸ਼ਨ ਦੌਰਾਨ 100 ਫੀਸਦੀ ਹਾਜ਼ਰੀ ਰਹੀ ਜਦਕਿ ਪ੍ਰਨੀਤ ਕੌਰ ਸੰਸਦ ਇਕ ਦਿਨ ਵੀ ਨਹੀਂ ਗਈ। ਫਰੀਦਕੋਟ ਤੋਂ ਸੰਸਦ ਮੈਂਬਰ ਮੁਹੰਮਦ ਸਦੀਕ ਨੇ 14 ਦਿਨਾਂ ਤੱਕ ਬਜਟ ਸੈਸ਼ਨ ਵਿੱਚ ਹਿੱਸਾ ਲਿਆ। ਕਾਂਗਰਸ ਦੇ ਜਸਵੀਰ ਡਿੰਪਾ ਵੀ 20 ਦਿਨਾਂ ਤੋਂ ਮੌਜੂਦ ਹਨ। ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ 20 ਦਿਨ ਸੰਸਦ ਵਿਚ ਹਾਜ਼ਰ ਰਹੇ ਅਤੇ ਤਿੰਨ ਦਿਨ ਗ਼ੈਰਹਾਜ਼ਰ ਰਹੇ। ਬਜਟ ਸੈਸ਼ਨ ਇਸ ਵਾਰ ਦੋ ਪੜਾਵਾਂ ਵਿਚ ਚੱਲਿਆ ਹੈ। ਇਸੇ ਤਰ੍ਹਾਂ ਰਾਜ ਸਭਾ ਮੈਂਬਰਾਂ ਦੀ ਹਾਜ਼ਰੀ ਨੂੰ ਵੇਖੀਏ ਤਾਂ ‘ਆਪ’ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਸੈਸ਼ਨ ਦੌਰਾਨ ਨਜ਼ਰ ਨਹੀਂ ਆਏ। ਉਨ੍ਹਾਂ ਨੇ ਸੈਸ਼ਨ ਦੌਰਾਨ ਛੁੱਟੀ ਲਈ ਹੋਈ ਸੀ। ਐਮਪੀ ਵਿਕਰਮਜੀਤ ਸਿੰਘ ਸਾਹਨੀ ਨੇ ਵੀ ਛੇ ਦਿਨ ਹੀ ਹਾਜ਼ਰੀ ਭਰੀ। ਰਾਜ ਸਭਾ ਦੀਆਂ ਬਜਟ ਸੈਸ਼ਨ ਦੌਰਾਨ 25 ਬੈਠਕਾਂ ਹੋਈਆਂ ਹਨ। ਆਪ ਸੰਸਦ ਮੈਂਬਰ ਸੰਦੀਪ ਪਾਠਕ ਵੀ ਬਜਟ ਸੈਸ਼ਨ ਵਿਚੋਂ 11 ਦਿਨ ਗ਼ੈਰਹਾਜ਼ਰ ਰਹੇ ਹਨ ਅਤੇ ਡਾ. ਅਸ਼ੋਕ ਕੁਮਾਰ ਮਿੱਤਲ ਦੀ ਹਾਜ਼ਰੀ 15 ਦਿਨਾਂ ਦੀ ਰਹੀ ਹੈ। ਐਮਪੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ 15 ਦਿਨ ਹਾਜ਼ਰੀ ਭਰੀ ਅਤੇ ਉਹ 10 ਦਿਨ ਗ਼ੈਰਹਾਜ਼ਰ ਰਹੇ ਹਨ। ‘ਆਪ ਮੈਂਬਰਾਂ ਵਿਚੋਂ ਸਭ ਤੋਂ ਵੱਧ ਹਾਜ਼ਰੀ ਰਾਘਵ ਚੱਢਾ ਦੀ ਰਹੀ ਜੋ 21 ਦਿਨ ਹਾਜ਼ਰ ਰਹੇ ਹਨ ਅਤੇ ਇਸੇ ਤਰ੍ਹਾਂ ਸੰਜੀਵ ਅਰੋੜਾ 19 ਦਿਨ ਹਾਜ਼ਰ ਰਹੇ ਹਨ।