ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਅੱਜ ਕਰਤਾਰਪੁਰ ਦੀ ਦਾਣਾ ਮੰਡੀ ਵਿਖੇ ਆਪਣੀ ਪਹਿਲੀ ਰੈਲੀ ਕਰਨ ਜਾ ਰਹੀ ਹੈ। ਹਾਲ ਹੀ ‘ਚ ਕਾਂਗਰਸ ਤੋਂ ‘ਆਪ’ ‘ਚ ਸ਼ਾਮਲ ਹੋਏ ਜਲੰਧਰ ਤੋਂ ਉਮੀਦਵਾਰ ਸੁਸ਼ੀਲ ਰਿੰਕੂ ਦੇ ਹੱਕ ‘ਚ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਨੂੰ ਸੰਬੋਧਨ ਕਰਨਗੇ। ਰੈਲੀ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ। ਜਾਣਕਾਰੀ ਮੁਤਾਬਕ ਭਗਵੰਤ ਮਾਨ 3 ਵਜੇ ਦੇ ਕਰੀਬ ਰੈਲੀ ਵਾਲੀ ਥਾਂ ‘ਤੇ ਪਹੁੰਚਣਗੇ। ਇਸ ਤੋਂ ਪਹਿਲਾਂ ਉਹ ਜਲੰਧਰ-ਕਪੂਰਥਲਾ ਦੀ ਸਰਹੱਦ ‘ਤੇ ਹਾਈਵੇਅ ‘ਤੇ ਹਵੇਲੀ ਵਿਖੇ ਆਯੋਜਿਤ ‘ਗਿਆਨ ਸੰਵਾਦ’ ਨਾਮਕ ਪ੍ਰੋਗਰਾਮ ‘ਚ ਸ਼ਿਰਕਤ ਕਰਨਗੇ। ਇਸ ਦੇ ਨਾਲ ਹੀ ਰੈਲੀ ਦੇ ਮੱਦੇਨਜ਼ਰ ਅੱਜ ਲੁਧਿਆਣਾ-ਜਲੰਧਰ-ਅੰਮ੍ਰਿਤਸਰ ਮੁੱਖ ਮਾਰਗ ‘ਤੇ ਜਾਣ ਵਾਲਿਆਂ ਨੂੰ ਕਰਤਾਰਪੁਰ ਤੱਕ ਆਵਾਜਾਈ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸ ਦੇਈਏ ਕਿ ਲੋਕ ਸਭਾ ਸੀਟ ਕਾਂਗਰਸੀ ਆਗੂ ਸੰਤੋਖ ਚੌਧਰੀ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀ, ਜਿਸ ਲਈ ਉਪ ਚੋਣ ਹੋ ਰਹੀ ਹੈ। ਇਹ ਚੋਣ 10 ਮਈ ਨੂੰ ਹੋਣ ਜਾ ਰਹੀ ਹੈ ਅਤੇ ਇਸ ਦਾ ਨਤੀਜਾ 13 ਮਈ ਨੂੰ ਐਲਾਨਿਆ ਜਾਵੇਗਾ। ਕਾਂਗਰਸ ਨੇ ਲੋਕ ਸਭਾ ਜ਼ਿਮਨੀ ਚੋਣਾਂ ਲਈ ਸੰਤੋਖ ਸਿੰਘ ਚੌਧਰੀ ਦੀ ਪਤਨੀ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਇਸ ਲਈ ਹੁਣ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੀਆਂ ਨਜ਼ਰਾਂ ਜਲੰਧਰ ਲੋਕ ਸਭਾ ਉਪ ਚੋਣ ‘ਤੇ ਟਿਕੀਆਂ ਹੋਈਆਂ ਹਨ।