ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ (honeypreet ) ਨੂੰ ਵਟਸਐਪ ‘ਤੇ ਮੈਸੇਜ ਕਰਕੇ 50 ਲੱਖ ਦੀ ਫਿਰੌਤੀ ਮੰਗਣ ਵਾਲੇ ਮੁਲਜ਼ਮ ਨੂੰ ਸਿਰਸਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦਾ ਨਾਂ ਪ੍ਰਦੀਪ ਕੁਮਾਰ ਹੈ ਅਤੇ ਉਹ ਆਪਣੇ ਆਪ ਨੂੰ ਡੇਰਾ ਪ੍ਰੇਮੀ ਦੱਸਦਾ ਹੈ। ਉਹ ਹਰਿਆਣਾ ਦੇ ਡੱਬਵਾਲੀ ਦਾ ਰਹਿਣ ਵਾਲਾ ਹੈ। ਫਿਲਹਾਲ ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ‘ਚ ਪੇਸ਼ ਕਰਕੇ 2 ਦਿਨ ਦੇ ਰਿਮਾਂਡ ‘ਤੇ ਲਿਆ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਸਿਰਸਾ ਦੀ ਏਐਸਪੀ ਦੀਪਤੀ ਗਰਗ ਨੇ ਦੱਸਿਆ ਕਿ 6 ਅਪ੍ਰੈਲ ਨੂੰ ਹਨੀਪ੍ਰੀਤ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ, ਜਿਸ ਵਿੱਚ ਉਸ ਨੇ ਦੱਸਿਆ ਸੀ ਕਿ ਉਸ ਦੇ ਵਟਸਐਪ ਨੰਬਰ ‘ਤੇ ਕਾਲ ਅਤੇ ਮੈਸੇਜ ਕਰਕੇ 50 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਤੁਰਤ ਪੁਲਿਸ ਟੀਮ ਨੇ ਇਸ ਮਾਮਲੇ ‘ਚ ਸਾਂਝੀ ਕਾਰਵਾਈ ਕਰਦੇ ਹੋਏ ਮੁਲਜ਼ਮ ਪ੍ਰਦੀਪ ਕੁਮਾਰ ਵਾਸੀ ਡੱਬਵਾਲੀ ਨੂੰ ਗ੍ਰਿਫਤਾਰ ਕਰ ਲਿਆ। ਦੀਪਤੀ ਗਰਗ ਨੇ ਦੱਸਿਆ ਕਿ ਮੁਲਜ਼ਮ ਨੇ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਗੈਂਗ (Lawrence Bishnoi Gang) ਦਾ ਬੰਦਾ ਦੱਸ ਕੇ ਫਿਰੌਤੀ ਦੀ ਮੰਗ ਕੀਤੀ ਸੀ। ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਉਸ ਦੇ ਸਿਰ ਕਰਜ਼ਾ ਹੈ ਅਤੇ ਡੇਰੇ ਨਾਲ ਰੰਜ਼ਿਸ਼ ਵੀ ਰੱਖਦਾ ਹੈ, ਜਿਸ ਕਾਰਨ ਉਸ ਨੇ ਇਹ ਕੰਮ ਕੀਤਾ ਹੈ। ਦੀਪਤੀ ਗਰਗ ਨੇ ਦੱਸਿਆ ਕਿ ਮੁਲਜ਼ਮ ਨੇ ਖੁਦ ਦੱਸਿਆ ਕਿ ਪੰਚਕੂਲਾ ‘ਚ ਵੀ ਇਕ ਮਾਮਲੇ ‘ਚ ਮੁਲਜ਼ਮ ਹੈ ਅਤੇ ਜੇਲ੍ਹ ਜਾ ਚੁੱਕਾ ਹੈ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।