ਬਲੈਕਮੇਲਿੰਗ ਦੇ ਮਾਮਲੇ ਵਿਚ ਗ੍ਰਿਫ਼ਤਾਰ ਇੰਸਟਾਗ੍ਰਾਮ ਸਟਾਰ ਜਸਨੀਤ ਕੌਰ ਦੇ ਹਲਫੀਆ ਬਿਆਨ ਵਿਚ ਅਹਿਮ ਖੁਲਾਸਾ ਹੋਇਆ ਹੈ। ਇਸ ਵਿਚ ਜਸਨੀਤ ਕੌਰ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਪੰਜਾਬੀ ਅਦਾਕਾਰ ਕਮਲਦੀਪ ਸਿੰਘ ਉਰਫ਼ ਹੌਬੀ ਧਾਲੀਵਾਲ ਕੋਲੋਂ 5 ਲੱਖ ਰੁਪਏ ਲਏ ਸਨ। ਜਸਨੀਤ ਦਾ ਕਹਿਣਾ ਹੈ ਕਿ ਹੌਬੀ ਧਾਲੀਵਾਲ ਨੇ ਫਿਲਮਾਂ ਵਿਚ ਕੰਮ ਕਰਨ ਲਈ ਉਸ ਦੀ ਕਾਫੀ ਮਦਦ ਕੀਤੀ ਸੀ। ਇਸ ਦੌਰਾਨ ਦੋਵਾਂ ਦੀ ਮੋਬਾਈਲ ’ਤੇ ਗੱਲਬਾਤ ਵੀ ਹੋਈ। ਹਲਫੀਆ ਬਿਆਨ ਵਿਚ ਜਸਨੀਤ ਦਾ ਕਹਿਣਾ ਹੈ ਕਿ, “ਮੈਂ ਫਿਲਮਾਂ ਵਿਚ ਕੰਮ ਕਰਨ ਲਈ ਆਪਣੇ ਪਿੰਡ ਬੁੱਗਰਾ ਰਾਜੋਮਾਜਰਾ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਤੋਂ ਮੋਹਾਲੀ ਵਿਖੇ ਆਈ ਸੀ, ਜਿਸ ਦੌਰਾਨ ਮੈਨੂੰ ਬਹੁਤ ਸਾਰੀਆਂ ਫਿਲਮੀ ਹਸਤੀਆਂ ਨੂੰ ਮਿਲਣ ਦਾ ਮੌਕਾ ਮਿਲਿਆ। ਇਸੇ ਦੌਰਾਨ ਮੈਨੂੰ ਕਮਲਦੀਪ ਸਿੰਘ ਉਰਫ ਹੌਬੀ ਧਾਲੀਵਾਲ ਨੂੰ ਵੀ ਮਿਲਣ ਦਾ ਮੌਕਾ ਮਿਲਿਆ ਅਤੇ ਉਹਨਾਂ ਨੇ ਫਿਲਮਾਂ ਦੇ ਕੰਮ ਲਈ ਮੇਰੀ ਮਦਦ ਕੀਤੀ। ਇਸੇ ਦੌਰਾਨ ਸਾਡੀ ਦੋਹਾਂ ਦੀ ਆਪਸ ਵਿਚ ਮੋਬਾਈਲ ’ਤੇ ਗੱਲਬਾਤ ਹੋਣ ਲੱਗ ਪਈ। ਇਸੇ ਗੱਲਬਾਤ ਦੌਰਾਨ ਸਾਡੇ ਆਪਸ ਵਿਚ ਕੁਝ ਇਤਰਾਜ਼ਯੋਗ ਸ਼ਬਦ ਵੀ ਵਰਤੇ ਗਏ ਪਰ ਸਾਡੇ ਵਿਚ ਕੋਈ ਨਾਜਾਇਜ਼ ਸਬੰਧ ਨਹੀਂ ਰਹੇ”।