ਬਠਿੰਡਾ ਮਿਲਟਰੀ ਸਟੇਸ਼ਨ ਵਿੱਚ ਅੱਜ ਸਵੇਰੇ 4.30 ਵਜੇ ਫਾਇਰਿੰਗ ਹੋਈ, ਜਿਸ ਵਿੱਚ ਚਾਰ ਜਵਾਨ ਸ਼ਹੀਦ ਹੋ ਗਏ। ਇਸ ਬਾਰੇ ਪ੍ਰੈਸ ਕਾਨਫਰੰਸ ਦੌਰਾਨ ਐਸਪੀ (ਡੀ) ਅਜੇ ਗਾਂਧੀ ਨੇ ਦੱਸਿਆ ਕਿ ਇਸ ਘਟਨਾ ਵਿੱਚ ਮੌਕੇ ਤੋਂ 19 ਖਾਲੀ ਸੈਲਸ ਮਿਲੇ ਹਨ। ਫਾਇਰਿੰਗ ਦੀ ਇਹ ਘਟਨਾ ਮੈਸ ਦੇ ਪਿੱਛੇ ਬਣੀ ਬੈਰਕ ਵਿੱਚ ਵਾਪਰੀ ਹੈ। ਉਨ੍ਹਾਂ ਦੱਸਿਆ ਇਸ ਘਟਨਾ ਨੂੰ ਦੋ ਵਿਅਕਤੀਆਂ ਨੇ ਅੰਜਾਮ ਦਿੱਤਾ ਹੈ। ਉਨ੍ਹਾਂ ਆਖਿਆ ਕਿ ਜਦੋਂ ਜਵਾਨਾਂ ਉਤੇ ਫਾਇਰਿੰਗ ਕੀਤੀ ਗਈ ਉਸ ਵੇਲੇ ਉਹ ਸੁੱਤੇ ਪਏ ਸਨ। ਐਸਪੀ (ਡੀ) ਅਜੇ ਗਾਂਧੀ ਨੇ ਦੱਸਿਆ ਕਿ ਦੋ ਲੋਕਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਚਸ਼ਮਦੀਦ ਜਵਾਨਾਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਫਾਈਰਿੰਗ ਕਰਨ ਵਾਲੇ 2 ਲੋਕ ਸਨ ਜਿਨ੍ਹਾਂ ਨੇ ਸਾਦੇ ਕੱਪੜੇ ਪਹਿਨੇ ਹੋਏ ਸਨ । ਅਜੇ ਤੱਕ ਕਿਸੇ ਨੂੰ ਵੀ ਡਿਟੇਨ ਨਹੀਂ ਕੀਤਾ ਗਿਆ । ਮਿਲਟਰੀ ਪੁਲਿਸ ਅਤੇ ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ। ਸੀਸੀਟੀਵੀ ਲੱਗੇ ਹੋਏ ਹਨ ਜਿਨ੍ਹਾਂ ਦੀ ਫੁਟੇਜ ਦੀ ਘੋਖ ਕੀਤੀ ਜਾ ਰਹੀ ਹੈ। ਗੋਲੀ ਚੱਲਣ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ ।ਇਸ ਹਮਲੇ ਵਿੱਚ ਇਨਸਾਸ ਰਾਈਫਲ ਦੇ 19 ਸ਼ੈੱਲ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਹਾਲੇ ਮਿਲਟਰੀ ਦੇ ਨਾਲ ਜੁਆਇੰਟ ਜਾਂਚ ਚੱਲ ਰਹੀ ਹੈ। ਜਿਨ੍ਹਾਂ ਜਵਾਨਾਂ ਦੀ ਇਸ ਹਮਲੇ ਵਿੱਚ ਮੌਤ ਹੋਈ ਹੈ ਉਨ੍ਹਾਂ ਦੇ ਨਾਮ ਸਾਗਰ ਬੰਨੀ,ਕਮਲੇਸ਼, ਯੋਗੇਸ਼ ਕੁਮਾਰ ਅਤੇ ਸੰਤੋਸ਼ ਨਾਗਰਜ ਹਨ । ਉਨ੍ਹਾਂ ਦੱਸਿਆ ਕਿ ਆਰਮੀ ਅਫ਼ਸਰਾਂ ਦੇ ਬਿਆਨਾਂ ਦੇ ਆਧਾਰ ‘ਤੇ ਐੱਫ ਆਈ ਆਰ ਦਰਜ ਕਰ ਰਹੇ ਹਾਂ। ਐਸਪੀ ਡੀ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਜੋ ਰਾਈਫਲ ਚੋਰੀ ਹੋਈ ਸੀ ਉਸ ਦੀ ਅਜੇ ਤੱਕ ਜਾਂਚ ਕੀਤੀ ਜਾ ਰਹੀ ਹੈ । ਦੱਸ ਦਈਏ ਕਿ ਗੋਲੀਬਾਰੀ ਦੀ ਘਟਨਾ ਪੰਜਾਬ ਦੇ ਬਠਿੰਡਾ ਮਿਲਟਰੀ ਸਟੇਸ਼ਨ ਦੇ ਅੰਦਰ ਬੁੱਧਵਾਰ ਤੜਕੇ 04:35 ਵਜੇ ਵਾਪਰੀ। ਇਸ ਘਟਨਾ ਵਿੱਚ ਚਾਰ ਜਵਾਨਾਂ ਦੀ ਮੌਤ ਹੋ ਗਈ ਹੈ। ਸਟੇਸ਼ਨ ਕਵਿੱਕ ਰਿਐਕਸ਼ਨ ਟੀਮਾਂ ਨੂੰ ਸਰਗਰਮ ਕੀਤਾ ਗਿਆ ਸੀ। ਪੂਰੇ ਇਲਾਕੇ ਨੂੰ ਘੇਰਾ ਪਾ ਕੇ ਸੀਲ ਕਰ ਦਿੱਤਾ ਗਿਆ। ਸਰਚ ਆਪਰੇਸ਼ਨ ਜਾਰੀ ਹੈ। ਬਠਿੰਡਾ ਵਿੱਚ ਆਰਮੀ ਕੈਂਟ ਦੇ ਸਾਰੇ ਐਂਟਰੀ ਗੇਟ ਬੰਦ ਕਰ ਦਿੱਤੇ ਗਏ ਹਨ। ਹੈਲੀਕਾਪਟਰ ਅਤੇ ਡਰੋਨ ਰਾਹੀਂ ਨਿਗਰਾਨੀ ਕੀਤੀ ਜਾ ਰਹੀ ਹੈ।