ਅੰਮ੍ਰਿਤਸਰ ਦੇ DCP ਪਰਮਿੰਦਰ ਸਿੰਘ ਭੰਡਾਲ ਨੇ ਅੰਮ੍ਰਿਤਪਾਲ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਪੁਲਿਸ ਸਾਹਮਣੇ ਪੇਸ਼ ਹੋਵੇ। DCP ਨੇ ਕਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਸਾਹਮਣੇ ਪੇਸ਼ ਹੋ ਜਾਣਾ ਚਾਹੀਦਾ ਹੈ ਤਾਂ ਜੋ ਕਾਨੂੰਨ ਦੇ ਮੁਤਾਬਿਕ ਕਾਰਵਾਈ ਹੋ ਸਕੇ। DCP ਨੇ ਕਿਹਾ ਕਿ ਅੰਮ੍ਰਿਤਪਾਲ ਦੇ ਬਾਕੀ ਸਾਥੀ ਵੀ ਪੇਸ਼ ਹੋਏ ਹਨ ਅਤੇ ਹੁਣ ਅੰਮ੍ਰਿਤਪਾਲ ਨੂੰ ਵੀ ਪੇਸ਼ ਹੋ ਜਾਣਾ ਚਾਹੀਦਾ ਹੈ। ਅੰਮ੍ਰਿਤਸਰ ਸ਼ਹਿਰ ‘ਚ ਵੱਖ-ਵੱਖ ਥਾਈਂ ਲੱਗੇ ਅੰਮ੍ਰਿਤਪਾਲ ਦੇ ਪੋਸਟਰਾਂ ਸਬੰਧੀ DCP ਨੇ ਕਿਹਾ ਕਿ ਜਿਹੜੇ ਭੀੜ-ਭਾੜ ਵਾਲੇ ਇਲਾਕੇ ਹਨ ਜਿਵੇਂ ਕਿ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ, ਉਨ੍ਹਾਂ ਦੇ ਨੇੜੇ-ਤੇੜੇ ਅੰਮ੍ਰਿਤਪਾਲ ਦੀ ਭਾਲ ਦੇ ਪੋਸਟਰ ਲਾਏ ਗਏ ਹਨ। DCP ਮੁਤਾਬਿਕ ਦਰਬਾਰ ਸਾਹਿਬ ਦੇ ਆਲੇ-ਦੁਆਲੇ ਕੋਈ ਵੀ ਪੋਸਟਰ ਨਹੀਂ ਲਾਇਆ ਗਿਆ ਅਤੇ ਗੁਰੂਘਰ ਦੀ ਮਰਿਆਦਾ ਦਾ ਪੂਰਾ ਸਤਿਕਾਰ ਕੀਤਾ ਜਾ ਰਿਹਾ ਹੈ। ਜ਼ਿਕਰੇਖਾਸ ਹੈ ਕਿ ਅੰਮ੍ਰਿਤਪਾਲ 18 ਮਾਰਚ ਨੂੰ ਪੰਜਾਬ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ ਸੀ, ਜਿਸ ਤੋਂ ਬਾਅਦ ਪੰਜਾਬ ਪੁਲਿਸ ਬਾਕੀ ਸੂਬਿਆਂ ਦੀ ਮਦਦ ਨਾਲ ਲਗਾਤਾਰ ਅੰਮ੍ਰਿਤਪਾਲ ਦੀ ਭਾਲ ਕਰ ਰਹੀ ਹੈ। ਪੰਜਾਬ ਦੇ ਨਾਲ-ਨਾਲ ਦੂਜੇ ਸੂਬਿਆਂ ‘ਚ ਵੀ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਦੌਰਾਨ ਅੰਮ੍ਰਿਤਪਾਲ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਵੀ ਸਾਹਮਣੇ ਆਈਆਂ ਪਰ ਪੁਲਿਸ ਹਾਲੇ ਤੱਕ ਅੰਮ੍ਰਿਤਪਾਲ ਨੂੰ ਕਾਬੂ ਨਹੀਂ ਕਰ ਸਕੀ। ਪੰਜਾਬ ਪੁਲਿਸ ਨੇ 10 ਅਪ੍ਰੈਲ ਨੂੰ ਅੰਮ੍ਰਿਤਪਾਲ ਦੇ ਸਾਥੀ ਪਪਲਪ੍ਰੀਤ ਨੂੰ ਅੰਮ੍ਰਿਤਸਰ ਦੇ ਕੱਥੂਨੰਗਲ ਤੋਂ ਕਾਬੂ ਕੀਤਾ ਸੀ ਪਰ ਅੰਮ੍ਰਿਤਪਾਲ ਦੀ ਭਾਲ ਲਗਾਤਾਰ ਜਾਰੀ ਹੈ, ਜਿਸ ਨੂੰ ਲੈ ਕੇ ਲਗਾਤਾਰ ‘ਅਪਰੇਸ਼ਨ ਅੰਮ੍ਰਿਤਪਾਲ’ ਚਲਾਇਆ ਜਾ ਰਿਹਾ ਹੈ।