ਫਰਾਰ AIS ਰਾਜਜੀਤ ਸਿੰਘ ਰਿਕਾਰਡ ‘ਚ ਹੇਰਾਫੇਰੀ ਅਤੇ ਜਬਰੀ ਵਸੂਲੀ ਦੀਆਂ ਧਾਰਾਵਾਂ ਤਹਿਤ ਨਾਮਜ਼ਦ

ਹਜ਼ਾਰਾਂ ਕਰੋੜਾਂ ਦੇ ਡਰੱਗਜ਼ ਮਾਮਲੇ ‘ਚ ਭਗੌੜੇ ਏਆਈਜੀ ਰਾਜਜੀਤ ਸਿੰਘ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਦੋਸ਼ੀ ਰਾਜਜੀਤ ‘ਤੇ ਹੁਣ ਅਪਰਾਧਿਕ ਸਾਜ਼ਿਸ਼ ਰਚਣ, ਰਿਕਾਰਡ ‘ਚ ਹੇਰਾਫੇਰੀ ਅਤੇ ਜਬਰੀ ਵਸੂਲੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦਰਅਸਲ, ਸਾਲ 2017 ‘ਚ ਇੰਸਪੈਕਟਰ ਇੰਦਰਜੀਤ ਨੂੰ ਹਥਿਆਰ ਅਤੇ ਨਸ਼ਾ ਤਸਕਰੀ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਦੇ ਘਰ ਦੀ ਤਲਾਸ਼ੀ ਦੌਰਾਨ ਏ.ਕੇ.-47, 4 ਕਿਲੋ ਹੈਰੋਇਨ, 3 ਕਿਲੋ ਸਮੈਕ ਅਤੇ ਹੋਰ ਦੇਸੀ ਹਥਿਆਰ ਬਰਾਮਦ ਹੋਏ। ਇੰਸਪੈਕਟਰ ਇੰਦਰਜੀਤ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਏਆਈਜੀ ਰਾਜਜੀਤ ਸਿੰਘ ’ਤੇ ਬਰਖ਼ਾਸਤ ਇੰਸਪੈਕਟਰ ਇੰਦਰਜੀਤ ਦਾ ਬਚਾਅ ਕਰਦਿਆਂ ਝੂਠਾ ਰਿਕਾਰਡ ਪੇਸ਼ ਕਰਨ ਦਾ ਦੋਸ਼ ਹੈ। ਇਸ ਦੇ ਨਾਲ ਹੀ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਨਾਲ ਛੇੜਛਾੜ ਕਰਨ, ਇੰਦਰਜੀਤ ਨੂੰ ਤਰੱਕੀ ਦੇਣ ਅਤੇ ਡਰੱਗ ਮਾਮਲੇ ਵਿੱਚ ਬਚਾਅ ਕਰਨ ਦੀ ਕੋਸ਼ਿਸ਼ ਕਰਨ ਦੇ ਵੀ ਦੋਸ਼ ਹਨ। ਜੇਲ੍ਹ ਵਿੱਚ ਬੰਦ ਇੰਸਪੈਕਟਰ ਇੰਦਰਜੀਤ ਅਤੇ ਏਆਈਜੀ ਰਾਜਜੀਤ ਸਿੰਘ ਦੇ ਸਬੰਧਾਂ ਦੀ ਜਾਂਚ ਲਈ ਏਡੀਜੀਪੀ ਆਰਕੇ ਜੈਸਵਾਲ ਦੀ ਪ੍ਰਧਾਨਗੀ ਵਿੱਚ ਐਸਆਈਟੀ ਦਾ ਗਠਨ ਕੀਤਾ ਗਿਆ ਹੈ। ਆਰਕੇ ਜੈਸਵਾਲ ਇੱਕ ਮਹੀਨੇ ਵਿੱਚ ਮਾਮਲੇ ਦੀ ਜਾਂਚ ਕਰਕੇ ਆਪਣੀ ਰਿਪੋਰਟ ਸੂਬਾ ਸਰਕਾਰ ਨੂੰ ਸੌਂਪਣਗੇ। ਮੁਲਜ਼ਮ ਏਆਈਜੀ ਰਾਜਜੀਤ ਸਿੰਘ ਦਾ ਲੁੱਕਆਊਟ ਸਰਕੂਲਰ ਜਾਰੀ ਕਰ ਦਿੱਤਾ ਗਿਆ ਹੈ। ਉਸ ਨੂੰ ਲੱਭਣ ਲਈ ਐਸਟੀਐਫ ਵੱਖ-ਵੱਖ ਜ਼ਿਲ੍ਹਿਆਂ ਵਿੱਚ ਛਾਪੇਮਾਰੀ ਵੀ ਕਰ ਰਹੀ ਹੈ। ਵਿਜੀਲੈਂਸ ਨੇ ਮੁਲਜ਼ਮ ਰਾਜਜੀਤ ਅਤੇ ਇੰਦਰਜੀਤ ਸਿੰਘ ਦਾ ਸਰਵਿਸ ਰਿਕਾਰਡ ਵੀ ਜ਼ਬਤ ਕਰ ਲਿਆ ਹੈ।ਮੁਲਜ਼ਮ ਏਆਈਜੀ ਰਾਜਜੀਤ ਸਿੰਘ ਅਤੇ ਇੰਸਪੈਕਟਰ ਕਈ ਥਾਵਾਂ ’ਤੇ ਇਕੱਠੇ ਤਾਇਨਾਤ ਸਨ। ਰਾਜਜੀਤ ਸਿੰਘ ਨੂੰ 2012 ਤੋਂ 2017 ਤੱਕ ਜਿਨ੍ਹਾਂ ਥਾਵਾਂ ‘ਤੇ ਤਾਇਨਾਤ ਕੀਤਾ ਗਿਆ, ਇੰਦਰਜੀਤ ਸਿੰਘ ਨੂੰ ਆਪਣੇ ਨਾਲ ਰੱਖਿਆ। ਇਸ ਦੇ ਲਈ ਰਾਜਜੀਤ ਸਿੰਘ ਨੇ ਸਿਫਾਰਿਸ਼ ਪੱਤਰ ਲਿਖ ਕੇ ਇੰਦਰਜੀਤ ਦੀ ਬਦਲੀ ਕਰਵਾ ਲਈ ਹੈ। ਦੋਵੇਂ ਗੁਰਦਾਸਪੁਰ, ਤਰਨਤਾਰਨ, ਮੋਗਾ ਅਤੇ ਜਲੰਧਰ ਵਿਖੇ ਇਕੱਠੇ ਤਾਇਨਾਤ ਹਨ।

Leave a Reply

Your email address will not be published. Required fields are marked *