ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ ਹੋ ਗਿਆ। ਉਹ 95 ਸਾਲ ਦੇ ਸਨ। ਪ੍ਰਕਾਸ਼ ਸਿੰਘ ਬਾਦਲ ਦੇ ਅੰਤਿਮ ਦਰਸ਼ਨਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਚੰਡੀਗੜ੍ਹ ਪਹੁੰਚੇ। ਪੀਐਮ ਮੋਦੀ ਨੇ ਅਕਾਲੀ ਦਲ ਦੇ ਪਾਰਟੀ ਦਫ਼ਤਰ ਪੁੱਜ ਕੇ ਪ੍ਰਕਾਸ਼ ਸਿੰਘ ਬਾਦਲ ਨੂੰ ਅੰਤਮ ਸ਼ਰਧਾਂਜਲੀ ਦਿੱਤੀ। ਪ੍ਰਧਾਨ ਮੰਤਰੀ, ਪ੍ਰਕਾਸ਼ ਸਿੰਘ ਬਾਦਲ ਦਾ ਬੜਾ ਸਤਿਕਾਰ ਕਰਦੇ ਸਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ਨੂੰ ‘ਨਿੱਜੀ ਘਾਟਾ’ ਦੱਸਿਆ ਸੀ। ਸ੍ਰੀ ਮੋਦੀ ਨੇ ਕਿਹਾ ਉਹ ਭਾਰਤੀ ਰਾਜਨੀਤੀ ਦੀ ਆਦਮ ਕੱਦ ਸ਼ਖ਼ਸੀਅਤ ਸਨ, ਜਿਨ੍ਹਾਂ ਰਾਸ਼ਟਰ ਲਈ ਵੱਡਾ ਯੋਗਦਾਨ ਪਾਇਆ। ਸ੍ਰੀ ਮੋਦੀ ਨੇ ਟਵੀਟ ਵਿੱਚ ਕਿਹਾ, ‘‘ਸ੍ਰੀ ਪ੍ਰਕਾਸ਼ ਸਿੰਘ ਬਾਦਲ ਜੀ ਦੇ ਦੇਹਾਂਤ ਨਾਲ ਵੱਡਾ ਦੁਖ ਹੋਇਆ ਹੈ। ਉਹ ਭਾਰਤੀ ਸਿਆਸਤ ਦੀ ਵੱਡ ਆਕਾਰੀ ਸ਼ਖ਼ਸੀਅਤ ਸਨ ਤੇ ਉਹ ਸ਼ਾਨਦਾਰ ਸਿਆਸਤਦਾਨ ਸਨ, ਜਿਨ੍ਹਾਂ ਦੇਸ਼ ਲਈ ਵੱਡਾ ਯੋਗਦਾਨ ਪਾਇਆ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਸ੍ਰੀ ਬਾਦਲ ਨੇ ਪੰਜਾਬ ਦੀ ਤਰੱਕੀ ਤੇ ਵਿਕਾਸ ਲਈ ਅਣਥੱਕ ਕੰਮ ਕੀਤਾ ਤੇ ਨਾਜ਼ੁਕ ਸਮਿਆਂ ਵਿਚ ਵੀ ਉਨ੍ਹਾਂ ਸੂਬੇ ਦੀ ਮੂਹਰੇ ਹੋ ਕੇ ਅਗਵਾਈ ਕੀਤੀ।