ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਦੇ ਨਾਦੌਨ ਥਾਣੇ ਦੇ ਐਸਐਚਓ ਅਤੇ ਦੋ ਹੋਰ ਕਾਂਸਟੇਬਲਾਂ ਨੂੰ ਡਿਊਟੀ ਦੌਰਾਨ ਸ਼ਰਾਬੀ ਹੋਣ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ। ਐਸਪੀ ਹਮੀਰਪੁਰ ਦੀ ਕਾਰਵਾਈ ਪਿੱਛੋਂ ਥਾਣੇ ਵਿੱਚ ਹੜਕੰਪ ਮੱਚ ਗਿਆ ਹੈ। ਫਿਲਹਾਲ ਤਿੰਨਾਂ ਪੁਲਿਸ ਮੁਲਾਜ਼ਮਾਂ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ। ਜਾਣਕਾਰੀ ਮੁਤਾਬਕ ਹਮੀਰਪੁਰ ਦੇ ਐੱਸਪੀ ਆਕ੍ਰਿਤੀ ਸ਼ਰਮਾ ਮੰਗਲਵਾਰ ਦੇਰ ਰਾਤ ਜਾਂਚ ਲਈ ਨਾਦੌਨ ਥਾਣੇ ਪਹੁੰਚੇ। ਪੁਲਿਸ ਮੁਲਾਜ਼ਮਾਂ ਨੂੰ ਐਸਪੀ ਦੇ ਆਉਣ ਬਾਰੇ ਕੋਈ ਜਾਣਕਾਰੀ ਨਹੀਂ ਸੀ। ਐਸਪੀ ਨੇ ਮੌਕੇ ਉਤੇ ਜਾ ਕੇ ਦੇਖਿਆ ਕਿ ਥਾਣੇ ਦਾ ਐਸਐਚਓ ਅਤੇ ਦੋ ਪੁਲਿਸ ਕਾਂਸਟੇਬਲ ਨਸ਼ੇ ਵਿੱਚ ਸਨ। ਜਿਵੇਂ ਹੀ ਐਸਪੀ ਮੌਕੇ ’ਤੇ ਪੁੱਜੇ ਤਾਂ ਸਾਰੇ ਪੁਲਿਸ ਮੁਲਾਜ਼ਮਾਂ ਦਾ ਨਸ਼ਾ ਉਤਰ ਗਿਆ। ਐਸਪੀ ਨੇ ਡਿਊਟੀ ਵਿੱਚ ਲਾਪਰਵਾਹੀ ਲਈ ਸਖ਼ਤ ਕਾਰਵਾਈ ਕਰਦਿਆਂ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਤਿੰਨਾਂ ਪੁਲਿਸ ਮੁਲਾਜ਼ਮਾਂ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਐਸਪੀ ਡਾ: ਆਕ੍ਰਿਤੀ ਸ਼ਰਮਾ ਨੇ ਨਿਊਜ਼ 18 ਨੂੰ ਫ਼ੋਨ ‘ਤੇ ਦੱਸਿਆ ਕਿ ਤਿੰਨੇ ਪੁਲਿਸ ਮੁਲਾਜ਼ਮ ਸ਼ਰਾਬ ਦੇ ਨਸ਼ੇ ‘ਚ ਪਾਏ ਗਏ ਹਨ ਅਤੇ ਤਿੰਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।