ਲੁਧਿਆਣਾ ਦੇ ਗਿਆਸਪੁਰਾ ਇਲਾਕੇ ’ਚ ਕੱਲ੍ਹ ਸਵੇਰੇ ਜ਼ਹਿਰੀਲੀ ਗੈਸ ਚੜ੍ਹਨ ਨਾਲ ਦੋ ਬੱਚਿਆਂ ਸਣੇ 11 ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ ਕਈ ਲੋਕ ਬਿਮਾਰ ਹੋ ਗਏ, ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਜਿਨ੍ਹਾਂ 11 ਲੋਕਾਂ ਦੀ ਜਾਨ ਗਈ, ਉਹ ਤਿੰਨ ਪਰਿਵਾਰਾਂ ਨਾਲ ਸਬੰਧਤ ਹਨ। ਗੈਸ ਦਾ ਅਸਰ ਇੰਨਾ ਜ਼ਬਰਦਸਤ ਸੀ ਕਿ ਇਲਾਕੇ ਦੇ ਲੋਕ ਛੇ ਘੰਟੇ ਤੱਕ ਦਹਿਸ਼ਤ ਵਿੱਚ ਰਹੇ। ਐਤਵਾਰ ਸਵੇਰੇ ਗਿਆਸਪੁਰਾ ਦੀ ਇੱਕ ਫੈਕਟਰੀ ਵਿੱਚ ਕੰਮ ਕਰਨ ਵਾਲਾ ਮਜ਼ਦੂਰ ਲੱਡੂ ਤਿਵਾੜੀ ਸਭ ਤੋਂ ਪਹਿਲਾਂ ਮੌਕੇ ’ਤੇ ਪਹੁੰਚਿਆ। ਉਸ ਨੇ ਦੱਸਿਆ ਕਿ ਉਹ ਐਂਬੂਲੈਂਸ ਦਾ ਇੰਤਜ਼ਾਰ ਕਰਨ ਦੀ ਬਜਾਏ ਪੀੜਤਾਂ ਨੂੰ ਆਟੋ ਰਿਕਸ਼ਾ ਵਿੱਚ ਹਸਪਤਾਲ ਲੈ ਕੇ ਗਿਆ। ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਅਨੁਸਾਰ ਲੱਡੂ ਤਿਵਾੜੀ ਨੇ ਦੱਸਿਆ ਕਿ ਉਹ ਨੇੜਲੇ ਗੁਰੂ ਤੇਗ ਬਹਾਦਰ ਨਗਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ, ਜਿਸ ਦਾ ਮਾਲਕ ਨਵਨੀਤ ਕੁਮਾਰ ਹੈ, ਜੋ ਗੈਸ ਹਾਦਸੇ ਦੇ ਪੀੜਤਾਂ ਵਿੱਚੋਂ ਇੱਕ ਹੈ।