ਚੰਡੀਗੜ੍ਹ ਵਾਸੀਆਂ ਲਈ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ। ਦਰਅਸਲ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ (RLA) ਦਫ਼ਤਰ ਨੇ ਲੋਕਾਂ ਲਈ ਆਪਣੀਆ ਫਾਈਲਾਂ ਜਮ੍ਹਾਂ ਕਰਾਉਣ ਲਈ ਆਨਲਾਈਨ ਸੇਵਾ ਸ਼ੁਰੂ ਕਰ ਦਿੱਤੀ ਹੈ। ਹੁਣ ਲੋਕਾਂ ਨੂੰ ਆਰਐਲਏ ਦਫ਼ਤਰ ਜਾ ਕੇ ਲਾਈਨ ਵਿੱਚ ਖੜ੍ਹਾ ਨਹੀਂ ਹੋਣਾ ਪਵੇਗਾ। ਇਸਦੇ ਨਾਲ ਹੀ ਆਰਐਲਏ ਨੇ ਫੀਸਾਂ ਲਈ ਫਾਰਮ ਆਨਲਾਈਨ ਜਮ੍ਹਾ ਕਰਨ ਦੀ ਸਹੂਲਤ ਵੀ ਦਿੱਤੀ ਹੈ। ਦੱਸ ਦੇਈਏ ਕਿ 1 ਜੂਨ ਤੋਂ 14 ਸੇਵਾਵਾਂ ਲਈ ਆਫਲਾਈਨ ਨਿਯੁਕਤੀਆਂ ਵੀ ਬੰਦ ਕੀਤੀਆਂ ਜਾ ਰਹੀਆਂ ਹਨ। RLA ਪ੍ਰਦਿਊਮਨ ਸਿੰਘ ਨੇ ਦੱਸਿਆ ਕਿ ਹੁਣ ਸਾਰਾ ਕੰਮ ਆਨਲਾਈਨ ਹੋਵੇਗਾ। ਲੋਕਾਂ ਨੂੰ ਦਫ਼ਤਰ ਦੇ ਚੱਕਰ ਲਾਉਣ ਦੀ ਲੋੜ ਨਹੀਂ ਪਵੇਗੀ। ਲੋਕ ਘਰ ਬੈਠੇ ਹੀ ਹਰ ਤਰ੍ਹਾਂ ਦੇ ਦਸਤਾਵੇਜ਼ ਆਨਲਾਈਨ ਜਮ੍ਹਾ ਕਰਵਾ ਸਕਣਗੇ ਅਤੇ ਕੰਮ ਵੀ ਤੇਜ਼ੀ ਨਾਲ ਹੋਵੇਗਾ। ਆਨਲਾਈਨ ਕੀਤੀਆਂ ਗਈਆਂ ਸੇਵਾਵਾਂ ਵਿੱਚ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰਸੀ) ਦਾ ਨਵੀਨੀਕਰਨ, ਸ਼ਹਿਰ ਦੇ ਅੰਦਰ ਵਾਹਨਾਂ ਦੀ ਮਲਕੀਅਤ ਤਬਾਦਲਾ, ਜਨਤਕ ਨਿਲਾਮੀ ਵਿੱਚ ਵਾਹਨਾਂ ਦਾ ਤਬਾਦਲਾ ਆਦਿ ਸ਼ਾਮਲ ਹਨ।