ਸੁਲਤਾਨਪੁਰ ਲੋਧੀ ਦੇ ਪਿੰਡ ਬਿਧੀਪੁਰ ਦੇ ਦੋ ਸਕੇ ਭਰਾਵਾਂ ਦੀ ਅਮਰੀਕਾ ਵਿੱਚ ਗੋਲੀਆਂ ਮਾਰ ਕੇ ਹੱਤਿਆ (Two brothers shot dead in America) ਕਰ ਦਿੱਤੀ ਗਈ ਹੈ। 4 ਮਈ ਸਵੇਰੇ ਅਮਰੀਕਾ ਤੋਂ ਇਹ ਦੁਖਦਾਈ ਖਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਪੋਰਟਲੈਂਡ ਸ਼ਹਿਰ ਵਿਚ ਦੋ ਪੰਜਾਬੀ ਨੌਜਵਾਨਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ ਸਕੇ ਭਰਾ ਹਨ। ਜੋ ਪਿਛਲੇ 10 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੇ ਸੀ। ਦੋਵੇਂ ਮ੍ਰਿਤਕ ਨੌਜਵਾਨਾਂ ਦੇ ਨਾਂ ਦਿਲਰਾਜ ਸਿੰਘ ਅਤੇ ਗੁਰਇਕਬਾਲ ਸਿੰਘ ਹਨ। ਰਿਸ਼ਤੇਦਾਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਦੋਵਾਂ ਨੌਜਵਾਨਾਂ ਦਾ ਕਪੂਰਥਲਾ ਦੇ ਪਿੰਡ ਕਾਂਜਲੀ ਦੇ ਇਕ ਵਿਅਕਤੀ ਨਾਲ ਅਮਰੀਕਾ ਵਿਚ ਸਟੋਰ ਦੀ ਮਾਲਕੀ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ, ਜਿਸ ਤੋਂ ਬਾਅਦ ਉਕਤ ਵਿਅਕਤੀ ਨੇ ਇਕ ਸ਼ਾਪਿੰਗ ਮਾਲ ਦੇ ਬਾਹਰ ਦੋਵਾਂ ਭਰਾਵਾਂ ‘ਤੇ ਹਮਲਾ ਕਰ ਦਿੱਤਾ। ਪੋਰਟਲੈਂਡ ‘ਚ 10 ਤੋਂ ਵੱਧ ਗੋਲੀਆਂ ਚਲਾਈਆਂ, ਜਿਸ ਕਾਰਨ ਦੋਵਾਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।