ਅੰਮ੍ਰਿਤਸਰ ਧਮਾਕਿਆਂ ਬਾਰੇ ਵੱਡਾ ਖੁਲਾਸਾ, ਕੋਲਡ ਡਰਿੰਕ ਕੈਨ ‘ਚ ਰੱਖਿਆ ਸੀ ਵਿਸਫੋਟਕ

ਹਰਿਮੰਦਰ ਸਾਹਿਬ ਦੇ ਨੇੜੇ ਹੈਰੀਟੇਜ ਸਟਰੀਟ ਉਤੇ ਦੋਹਰੇ ਧਮਾਕਿਆਂ (Amritsar blast) ਦੀ ਜਾਂਚ ਹੁਣ NIA ਦੀ ਇੱਕ ਟੀਮ ਕਰ ਰਹੀ ਹੈ। ਟੀਮ ਨੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗਾਂ ਕਰਨ ਤੋਂ ਇਲਾਵਾ ਫੋਰੈਂਸਿਕ ਜਾਂਚ ਟੀਮਾਂ ਤੋਂ ਵੇਰਵੇ ਲਏ ਹਨ। ਇਸੇ ਦੌਰਾਨ ਪੁਲਿਸ ਸੂਤਰਾਂ ਦੇ ਹਵਾਲੇ ਨਾਲ ਖੁਲਾਸਾ ਹੋਇਆ ਹੈ ਕਿ ‘ਹੈਰੀਟੇਜ ਸਟਰੀਟ’ ਉਤੇ ਹੋਏ ਦੋ ਧਮਾਕਿਆਂ ਵਿੱਚ ਵਰਤੇ ਗਏ ਵਿਸਫੋਟਕ ਦੋ 250 ਮਿਲੀਲੀਟਰ ਦੇ ‘ਹੇਲ’ ਨਾਂ ਦੇ ਕੋਲਡ ਡਰਿੰਕ ਕੈਨ ਵਿੱਚ ਪੈਕ ਕੀਤੇ ਗਏ ਸਨ। ਪੁਲਿਸ ਸੂਤਰਾਂ ਨੇ ਦੱਸਿਆ ਕਿ ਅਜਿਹਾ ਜਾਪਦਾ ਹੈ ਕਿ ਜਦੋਂ ਕੈਨ ਉੱਚਾਈ ਤੋਂ ਹੇਠਾਂ ਡਿੱਗਾ ਜਾਂ ਸੁੱਟਿਆ ਗਿਆ ਤਾਂ ਧਮਾਕਾ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਪਹਿਲੀ ਘਟਨਾ ਵਿਚ ਵਿਸਫੋਟਕਾਂ ਨਾਲ ਭਰੇ ਇਕ ਕੈਨ ਨਾਲ ਤਾਰ ਜੁੜੀ ਹੋਈ ਸੀ, ਜਿਸ ਨੂੰ ਕੰਧ ਉੱਤੇ ਸੁੱਟਿਆ ਗਿਆ ਸੀ। ‘ਦਿ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਕ ਪੁਲਿਸ ਨੇ ਇਸ ਘਟਨਾ ਨਾਲ ਸਬੰਧਤ ਇੱਕ ਵਿਅਕਤੀ ਦੀ ਪਛਾਣ ਵੀ ਕੀਤੀ ਹੈ, ਜਿਸ ਨੇ ਅਣਜਾਣੇ ਵਿੱਚ ਤਾਰ ਖਿੱਚੀ ਅਤੇ ਕੈਨ ਥੱਲੇ ਡਿੱਗ ਗਿਆ, ਜਿਸ ਕਾਰਨ ਧਮਾਕਾ ਹੋਇਆ। ਹਾਲਾਂਕਿ ਦੂਸਰੀ ਘਟਨਾ ‘ਚ ਅਜਿਹਾ ਜਾਪਦਾ ਹੈ ਕਿ ਕੈਨ ਨੂੰ ਉੱਚਾਈ ਤੋਂ ਸੁੱਟੇ ਜਾਣ ‘ਤੇ ਧਮਾਕਾ ਹੋਇਆ। ਪੁਲਿਸ ਨੇ ਕਿਹਾ ਕਿ ਧਮਾਕੇ ਦਾ ਇਰਾਦਾ ਇੱਕ ਸੰਕੇਤ ਦੇਣਾ ਸੀ। ਐਨ.ਆਈ.ਏ ਦੀ ਟੀਮ ਦੇ ਅੰਮ੍ਰਿਤਸਰ ਪਹੁੰਚਦੇ ਹੀ ਹੈਰੀਟੇਜ ਸਟਰੀਟ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਈ ਹੈ। ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ’ਤੇ ਨਜ਼ਰ ਰੱਖਣ ਲਈ ਬਹੁਮੰਜ਼ਿਲਾ ਪਾਰਕਿੰਗ ਦੀ ਛੱਤ ’ਤੇ ਪੁਲਿਸ ਮੁਲਾਜ਼ਮ ਵੀ ਤਾਇਨਾਤ ਕੀਤੇ ਹੋਏ ਹਨ। ਡੀਜੀਪੀ ਗੌਰਵ ਯਾਦਵ ਨੇ ਘਟਨਾ ਸਥਾਨ ਦਾ ਦੌਰਾ ਕਰਨ ਤੋਂ ਬਾਅਦ ਕਿਹਾ ਕਿ ਦੋਵੇਂ ਧਮਾਕੇ ਬਿਨਾਂ ਡੇਟੋਨੇਟਰ ਦੇ ਹਲਕੇ ਦਰਜੇ ਦੇ ਸਨ। ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਧਮਾਕਾ ਕਰਨ ਲਈ ਕੈਨ ਵਿੱਚ ਵਿਸਫੋਟਕ ਸਮੱਗਰੀ ਰੱਖੀ ਗਈ ਸੀ। ਡੀਜੀਪੀ ਨੇ ਕਿਹਾ ਸੀ ਕਿ ਘਟਨਾ ਦੀ ਹਰ ਪਹਿਲੂ ਨੂੰ ਧਿਆਨ ਵਿੱਚ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *