ਸਿਫ਼ਤੀ ਦੇ ਘਰ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਹੋਏ ਧਮਾਕਿਆਂ ‘ਤੇ ਡੂੰਘੇ ਦੁਖ਼ ਦਾ ਪ੍ਰਗਟਾਵਾ ਕਰਦਿਆਂ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਹ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ। ਉਹਨਾਂ ਕਿਹਾ ਕਿ ਇਹ ਘਟਨਾਵਾਂ ਹੁਣ ਕਿਉਂ ਵਾਪਰ ਰਹੀਆਂ ਹਨ। ਪਿਛਲੇ 30 ਸਾਲਾਂ ਵਿਚ ਤਾਂ ਕਦੇ ਵੀ ਅਜਿਹਾ ਨਹੀਂ ਹੋਇਆ। ਰਵਨੀਤ ਬਿੱਟੂ ਨੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਧਾਮੀ ‘ਤੇ ਵੀ ਸਵਾਲ ਚੁਕੇ ਹਨ। ਉਹਨਾਂ ਕਿਹਾ ਕਿ ਐਸਜੀਪੀਸੀ ਪ੍ਰਧਾਨ ਨੂੰ ਸੋਚਣਾ ਚਾਹੀਦਾ ਸੀ ਕਿ ਇਹ ਲੋਕ ਕੌਣ ਹਨ। ਜਿਨ੍ਹਾਂ ਨੇ ਥਿਏਟਰਾਂ ‘ਚ ਬੰਬ ਬਲਾਸਟ ਕੀਤੇ, ਰੇਲਾਂ ਵਿਚ ਬੰਬ ਬਲਾਸਟ ਕੀਤੇ, ਉਹਨਾਂ ਨੂੰ ਛੁਡਵਾਉਣ ਦੀਆਂ ਐਸਜੀਪੀਸੀ ਪ੍ਰਧਾਨ ਗੱਲਾਂ ਕਰਦੇ ਹਨ। ਜਿਹੜੇ ਨੌਜੁਆਨ ਭੜਕੇ ਹੋਏ ਹਨ, ਉਹ ਸੋਚਦੇ ਹਨ ਕਿ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ ਇਹਨਾਂ ਲੋਕਾਂ ਨੂੰ ਸ਼ਾਬਾਸ਼ ਦੇ ਰਹੀ ਹੈ, ਇਹਨਾਂ ਦੀਆਂ ਅਜਾਇਬ ਘਰ ‘ਚ ਤਸਵੀਰਾਂ ਲਗਾ ਰਹੀ ਹੈ, ਫਿਰ ਅਸੀਂ ਕਿਉਂ ਨਾ ਇਹ ਕੰਮ ਕਰੀਏ? ਉਹ ਭੜਕੇ ਹੋਏ ਨੌਜੁਆਨ ਇਸੇ ਸੋਚ ਨੂੰ ਲੈ ਕੇ ਅੱਜ ਦਰਬਾਰ ਸਾਹਿਬ ਵਿਖੇ ਬੰਬ ਬਲਾਸਟ ਕਰ ਰਹੇ ਹਨ। ਸੰਗਤ ਦੂਰੋਂ-ਦੂਰੋਂ ਦਰਬਾਰ ਸਾਹਿਬ ਵਿਖੇ ਨਸਮਸਤਕ ਹੋਣ ਲਈ ਗਈ ਹੈ, ਕੋਈ ਉਥੇ ਸੁੱਤਾ ਪਿਆ, ਕੋਈ ਉਥੇ ਪਾਠ ਕਰ ਰਿਹਾ ਤੇ ਇਹ ਨੌਜਵਾਨ ਉਥੇ ਬੰਬ ਬਲਾਸਟ ਕਰ ਰਹੇ ਹਨ। ਹੁਣ ਐਸਜੀਪੀਸੀ ਪ੍ਰਧਾਨ ਨੇ ਇਹਨਾਂ ਨੂੰ ਪੁਲਿਸ ਹਵਾਲੇ ਕਿਉਂ ਕੀਤਾ? ਇਹਨਾਂ ਨੌਜੁਆਨਾਂ ਦੀਆਂ ਫੋਟੋਆਂ ਵੀ ਅਜਾਇਬ ਕਰ ਲਗਾ ਲੈਣ। ਇਨ੍ਹਾਂ ਨੂੰ ਵੀ ਬੰਦੀ ਸਿੰਘਾਂ ਦਾ ਦਰਜਾ ਦੇ ਦੇਵੋ। ਐਸਜੀਪੀਸੀ ਹੀ ਇਹਨਾਂ ਧਮਾਕਿਆਂ ਦੀ ਜ਼ਿੰਮੇਵਾਰੀ ਲਵੇ ਕਿਉਂਕਿ ਐਸਜੀਪੀਸੀ ਹੀ ਬੰਦੀ ਸਿੰਘਾਂ ਨੂੰ ਛੁਡਵਾਉਣ ਦੀਆਂ ਗੱਲਾਂ ਕਰਦੇ ਹਨ।