ਅਬੋਹਰ ਸ਼ਹਿਰ ਦੀ ਕ੍ਰਿਸ਼ਨਾ ਨਗਰੀ ਗਲੀ ਨੰਬਰ-1 ਅਤੇ ਸ਼ੰਕਰ ਮਾਰਕੀਟ ਵਿਚਕਾਰ ਲੱਗੇ ਟਰਾਂਸਫਾਰਮਰ ਵਿਚ ਵੀਰਵਾਰ ਰਾਤ ਨੂੰ ਭਿਆਨਕ ਅੱਗ ਲੱਗ ਗਈ। ਰਾਤ ਕਰੀਬ 10 ਵਜੇ ਅਚਾਨਕ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਆਸ-ਪਾਸ ਦੇ ਇਲਾਕੇ ਦੀ ਬਿਜਲੀ ਸਪਲਾਈ ਠੱਪ ਹੋ ਗਈ। ਸਵੇਰ ਤੱਕ ਵੀ ਦੋਵਾਂ ਇਲਾਕਿਆਂ ਵਿਚ ਬਿਜਲੀ ਬਹਾਲ ਨਹੀਂ ਹੋ ਸਕੀ। ਦਸਿਆ ਜਾ ਰਿਹਾ ਹੈ ਕਿ ਟਰਾਂਸਫਾਰਮਰ ਨੂੰ ਅੱਗ ਲੱਗੀ ਦੇਖ ਕੇ ਆਸਪਾਸ ਦੇ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਅਤੇ ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਕਰੀਬ ਅੱਧਾ ਘੰਟਾ ਟਰਾਂਸਫਾਰਮਰ ਸੜਦਾ ਰਿਹਾ, ਜਿਸ ਕਾਰਨ ਸਾਰਾ ਟਰਾਂਸਫਾਰਮਰ ਸੜ ਕੇ ਸੁਆਹ ਹੋ ਗਿਆ। ਲੋਕਾਂ ਨੇ ਇਸ ਸਬੰਧੀ ਬਿਜਲੀ ਵਿਭਾਗ ਨੂੰ ਵੀ ਸੂਚਿਤ ਕੀਤਾ। ਲੋਕਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਰਾਤ ਨੂੰ ਹੀ ਬਿਜਲੀ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਪਰ ਸ਼ੰਕਰ ਮਾਰਕੀਟ ਅਤੇ ਕ੍ਰਿਸ਼ਨਾ ਨਗਰੀ ਗਲੀ ਨੰਬਰ-1 ਦੀਆਂ ਲਾਈਟਾਂ ਅੱਜ ਸਵੇਰੇ 8 ਵਜੇ ਤੱਕ ਵੀ ਚਾਲੂ ਨਹੀਂ ਕੀਤੀਆਂ ਗਈਆਂ। ਲੋਕਾਂ ਨੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਟਰਾਂਸਫਾਰਮਰ ਠੀਕ ਕਰਕੇ ਇਥੇ ਪ੍ਰਭਾਵਿਤ ਬਿਜਲੀ ਚਾਲੂ ਕਰਵਾਈ ਜਾਵੇ।