ਪਟਿਆਲਾ ਸਥਿਤ ਦੂਖ ਨਿਵਾਰਨ ਗੁਰਦੁਆਰਾ ਕੰਪਲੈਕਸ ਵਿਚ ਦੇਰ ਸ਼ਾਮ ਇਕ ਔਰਤ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਨੁਸਾਰ ਮ੍ਰਿਤਕ ਔਰਤ ਦੀ ਪਛਾਣ ਪਰਮਿੰਦਰ ਕੌਰ (33) ਵਜੋਂ ਹੋਈ ਹੈ ਜਿਸ ਨੇ ਕਥਿਤ ਤੌਰ ’ਤੇ ਨਸ਼ਾ ਕੀਤਾ ਹੋਇਆ ਸੀ। ਉਹ ਕਥਿਤ ਤੌਰ ਉਤੇ ਸਰੋਵਰ ਨੇੜੇ ਸ਼ਰਾਬ ਪੀ ਰਹੀ ਸੀ। ਚਸ਼ਮਦੀਦਾਂ ਦੀ ਸ਼ਿਕਾਇਤ ’ਤੇ ਔਰਤ ਨੂੰ ਮੈਨੇਜਰ ਦੇ ਕਮਰੇ ਵਿੱਚ ਲਿਆਂਦਾ ਗਿਆ। ਇਸੇ ਦੌਰਾਨ ਭੀੜ ਵਿੱਚੋਂ ਕਿਸੇ ਨੇ ਔਰਤ ਨੂੰ ਗੋਲੀਆਂ ਮਾਰ ਦਿੱਤੀਆਂ। ਇਸੇ ਦੌਰਾਨ ਸਰੋਵਰ ਨੇੜੇ ਸ਼ਰਾਬ ਪੀਣ ’ਤੇ ਇਤਰਾਜ਼ ਜਤਾਉਣ ਵਾਲਾ ਸੇਵਾਦਾਰ ਵੀ ਜ਼ਖ਼ਮੀ ਹੋ ਗਿਆ। ਪੁਲਿਸ ਅਨੁਸਾਰ ਮੁਲਜ਼ਮ ਦੀ ਪਛਾਣ ਨਿਰਮਲਜੀਤ ਸਿੰਘ ਵਜੋਂ ਹੋਈ ਹੈ ਜੋ ਕਿ ਅਰਬਨ ਐਸਟੇਟ ਦਾ ਵਸਨੀਕ ਹੈ।