ਪਿਛਲੇ ਹਫ਼ਤੇ ਪਾਕਿਸਤਾਨੀ ਜੇਲਾਂ ਤੋਂ ਰਿਹਾਅ ਹੋਏ ਗੁਜਰਾਤ ਦੇ ਕੁੱਲ 184 ਮਛੇਰੇ ਸੋਮਵਾਰ ਸਵੇਰੇ ਪੰਜਾਬ ਤੋਂ ਰੇਲਗੱਡੀ ਰਾਹੀਂ ਵਡੋਦਰਾ ਪਹੁੰਚੇ। ਸੂਬਾ ਸਰਕਾਰ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇਕ ਬਿਆਨ ਵਿਚ, ਸਰਕਾਰ ਨੇ ਕਿਹਾ ਕਿ ਇਨ੍ਹਾਂ ਮਛੇਰਿਆਂ ਨੂੰ ਪਾਕਿਸਤਾਨ ਸਮੁੰਦਰੀ ਸੁਰੱਖਿਆ ਏਜੰਸੀ (ਪੀ.ਐਮ.ਐਸ.ਏ.) ਨੇ ਲਗਭਗ ਚਾਰ ਸਾਲ ਪਹਿਲਾਂ ਅਰਬ ਸਾਗਰ ਵਿਚ ਗੁਜਰਾਤ ਤੱਟ ਨੇੜੇ ਅੰਤਰਰਾਸ਼ਟਰੀ ਸਮੁੰਦਰੀ ਸੀਮਾ (ਆਈ.ਐਮ.ਬੀ.ਐਲ.) ਤੋਂ ਫੜਿਆ ਸੀ, ਇਹ ਦਾਅਵਾ ਕਰਦੇ ਹੋਏ ਕਿ ਉਹ ਪਾਕਿਸਤਾਨੀ ਪਾਣੀਆਂ ਵਿਚ ਦਾਖ਼ਲ ਹੋਏ ਹਨ। ਕੁੱਲ ਮਿਲਾ ਕੇ ਪਾਕਿਸਤਾਨ ਨੇ ਪਿਛਲੇ ਹਫ਼ਤੇ 198 ਭਾਰਤੀ ਮਛੇਰਿਆਂ ਨੂੰ ਰਿਹਾਅ ਕੀਤਾ ਸੀ। ਇਨ੍ਹਾਂ ਵਿਚੋਂ 184 ਗੁਜਰਾਤ, ਤਿੰਨ ਆਂਧਰਾ ਪ੍ਰਦੇਸ਼, ਚਾਰ ਦੀਵ, ਪੰਜ ਮਹਾਰਾਸ਼ਟਰ ਅਤੇ ਦੋ ਉੱਤਰ ਪ੍ਰਦੇਸ਼ ਦੇ ਹਨ। ਜਾਰੀ ਬਿਆਨ ਵਿਚ ਕਿਹਾ ਗਿਆ ਹੈ, “ਪਾਕਿਸਤਾਨ ਦੀਆਂ ਜੇਲਾਂ ਵਿਚ ਬੰਦ ਇਨ੍ਹਾਂ ਮਛੇਰਿਆਂ ਨੂੰ ਕੇਂਦਰ ਸਰਕਾਰ ਦੇ ਕੂਟਨੀਤਕ ਯਤਨਾਂ ਸਦਕਾ ਰਿਹਾਅ ਕੀਤਾ ਗਿਆ ਸੀ ਅਤੇ 13 ਮਈ ਨੂੰ ਪੰਜਾਬ ਵਿਚ ਵਾਹਗਾ ਸਰਹੱਦ ‘ਤੇ ਭਾਰਤੀ ਅਧਿਕਾਰੀਆਂ ਦੇ ਹਵਾਲੇ ਕਰ ਦਿਤਾ ਗਿਆ ਸੀ।” ਗੁਜਰਾਤ ਸਰਕਾਰ ਨੇ ਇਨ੍ਹਾਂ ਮਛੇਰਿਆਂ ਦੀ ਰਿਹਾਈ ਲਈ ਪਹਿਲਾਂ ਕੇਂਦਰ ਨੂੰ ਨੁਮਾਇੰਦਗੀ ਦਿਤੀ ਸੀ। ਰੀਲੀਜ਼ ਵਿਚ ਕਿਹਾ ਗਿਆ ਹੈ ਕਿ ਸੋਮਵਾਰ ਸਵੇਰੇ ਵਡੋਦਰਾ ਰੇਲਵੇ ਸਟੇਸ਼ਨ ‘ਤੇ ਪਹੁੰਚੇ ਮਛੇਰਿਆਂ ਦਾ ਗੁਜਰਾਤ ਦੇ ਮੱਛੀ ਪਾਲਣ ਮੰਤਰੀ ਰਾਘਵਜੀ ਪਟੇਲ, ਵਿਧਾਇਕ ਕੇਯੂਰ ਰੋਕਡੀਆ ਅਤੇ ਚੈਤਨਿਆ ਦੇਸਾਈ ਸਮੇਤ ਹੋਰ ਪਤਵੰਤਿਆਂ ਨੇ ਸਵਾਗਤ ਕੀਤਾ। ਗੁਜਰਾਤ ਦੇ 184 ਮਛੇਰਿਆਂ ਵਿਚੋਂ 152 ਗਿਰ ਸੋਮਨਾਥ ਜ਼ਿਲ੍ਹੇ ਦੇ, 22 ਦੇਵਭੂਮੀ ਦਵਾਰਕਾ ਤੋਂ, ਪੰਜ ਪੋਰਬੰਦਰ ਤੋਂ ਅਤੇ ਇੱਕ-ਇੱਕ ਜੂਨਾਗੜ੍ਹ, ਜਾਮਨਗਰ, ਕੱਛ, ਵਲਸਾਡ ਅਤੇ ਨਵਸਾਰੀ ਤੋਂ ਹਨ।ਵਡੋਦਰਾ ਦੇ ਸਥਾਨਕ ਅਧਿਕਾਰੀਆਂ ਨੇ ਚਾਰ ਬੱਸਾਂ ਵਿਚ ਮਛੇਰਿਆਂ ਨੂੰ ਉਨ੍ਹਾਂ ਦੇ ਟਿਕਾਣਿਆਂ ‘ਤੇ ਪਹੁੰਚਾਇਆ। ਮਾਰਚ ਵਿਚ, ਗੁਜਰਾਤ ਸਰਕਾਰ ਨੇ ਵਿਧਾਨ ਸਭਾ ਨੂੰ ਦਸਿਆ ਕਿ ਦਸੰਬਰ 2022 ਤਕ, ਗੁਜਰਾਤ ਦੇ 560 ਮਛੇਰੇ ਅਰਬ ਸਾਗਰ ਵਿਚ ਫੜੇ ਜਾਣ ਤੋਂ ਬਾਅਦ ਪਾਕਿਸਤਾਨ ਦੀਆਂ ਜੇਲਾਂ ਵਿਚ ਬੰਦ ਹਨ। ਸੂਬਾ ਸਰਕਾਰ ਨੇ ਕਿਹਾ ਸੀ ਕਿ ਪਿਛਲੇ ਦੋ ਸਾਲਾਂ ਵਿਚ 560 ਮਛੇਰਿਆਂ ਵਿਚੋਂ 274 ਨੂੰ ਪਾਕਿਸਤਾਨੀ ਅਧਿਕਾਰੀਆਂ ਨੇ ਫੜਿਆ ਹੈ।