ਦੇਸ਼ ਵਿੱਚ ਉਚਾਈ ਵਾਲੇ ਇਲਾਕਿਆਂ ਤੋਂ ਲੈ ਕੇ ਮੈਦਾਨਾਂ ਤੱਕ ਮੌਸਮ ਨੇ ਕਰਵਟ ਲਈ ਹੈ। ਮੌਸਮ ਦਾ ਮਿਜਾਜ਼ ਬਦਲਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਪਰ ਉੱਥੇ ਹੀ ਬਾਰਿਸ਼ ਕਾਰਨ ਚਾਰ ਧਾਮ ਦੇ ਯਾਤਰੀਆਂ ਦੇ ਲਈ ਮੁਸ਼ਕਿਲ ਖੜ੍ਹੀ ਹੋ ਗਈ ਹੈ। ਚਮੋਲੀ ਵਿੱਚ ਬਰਫ਼ਬਾਰੀ ਤੇ ਬਾਰਿਸ਼ ਦੇ ਕਾਰਨ ਹੇਮਕੁੰਟ ਸਹਿਣ ਦੀ ਯਾਤਰਾ ਰੋਕ ਦਿੱਤੀ ਗਈ ਹੈ। ਗੋਵਿੰਦਘਾਟ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੇਮਕੁੰਟ ਸਾਹਿਬ ਵਿੱਚ ਬੀਤੀ ਰਾਤ ਤੋਂ ਬਾਰਿਸ਼ ਹੋ ਰਹੀ ਹੈ। ਘੰਗਰੀਆਂ ਦੇ ਕਰੀਬ 1130 ਸ਼ਰਧਾਲੂ ਰੋਕੇ ਗਏ ਹਨ। ਹਾਲਾਂਕਿ ਬਦਰੀਨਾਥ ਧਾਮ ਦੀ ਤੀਰਥ ਯਾਤਰਾ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਦੱਸ ਦੇਈਏ ਕਿ ਕੇਦਾਰਨਾਥ ਤੇ ਯਮਨੋਤਰੀ ਧਾਮ ਵਿੱਚ ਵੀ ਮੌਸਮ ਖਰਾਬ ਹੈ। ਇੱਥੇ ਸਵੇਰ ਤੋਂ ਹੀ ਬਾਰਿਸ਼ ਦਾ ਸਿਲਸਿਲਾ ਜਾਰੀ ਹੈ, ਜਦਕਿ ਹਿਮਾਲਿਆ ਖੇਤਰ ਵਿੱਚ ਬਰਫਬਾਰੀ ਹੋ ਰਹੀ ਹੈ ।