ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਚਾਲੇ ਭ੍ਰਿਸ਼ਟਾਚਾਰ ਨੂੰ ਲੈ ਕੇ ਚੱਲ ਰਹੀ ਜੰਗ ਨੇ ਸਿਆਸੀ ਮਾਹੌਲ ਗਰਮਾ ਦਿੱਤਾ ਹੈ। ਮਾਨ ਨੇ ਚੰਨੀ ‘ਤੇ ਇਕ ਖਿਡਾਰੀ ਤੋਂ ਨੌਕਰੀ ਦੇ ਬਦਲੇ 2 ਕਰੋੜ ਰੁਪਏ ਦੀ ਮੰਗ ਕਰਨ ਦਾ ਦੋਸ਼ ਲਗਾਇਆ ਸੀ। ਇਸ ਮਾਮਲੇ ਵਿੱਚ ਉਨ੍ਹਾਂ ਸਾਬਕਾ ਮੁੱਖ ਮੰਤਰੀ ਚੰਨੀ ਨੂੰ 31 ਮਈ ਦਾ ਸਮਾਂ ਦਿੱਤਾ ਸੀ। CM ਮਾਨ ਨੇ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਚਿਤਵਨੀ ਦਿੱਤੀ ਸੀ ਕਿ ਜਾਂ ਤਾਂ ਉਹ ਖੁਦ ਆਪਣੇ ਰਿਸ਼ਤੇਦਾਰਾਂ ਨਾਲ ਗੱਲ ਕਰਕੇ ਸਾਰੀ ਸੱਚਾਈ ਦੱਸਣ, ਨਹੀਂ ਤਾਂ ਉਹ 31 ਮਈ ਨੂੰ ਦੁਪਹਿਰ 2 ਵਜੇ ਕਾਨਫਰੰਸ ਕਰਕੇ ਉਸ ਖਿਡਾਰੀ ਨੂੰ ਲੈ ਕੇ ਆਉਣਗੇ, ਜਿਸ ਤੋਂ ਪੈਸੇ ਦੀ ਮੰਗ ਕੀਤੀ ਗਈ ਸੀ। ਹੁਣ ਇਸ ਮਾਮਲੇ ‘ਚ ਵੱਡਾ ਖ਼ੁਲਾਸਾ ਹੋ ਚੁੱਕਿਆ ਭਗਵੰਤ ਮਾਨ ਇਲਜ਼ਾਮ ਲਾਉਣ ਤੋਂ ਬਾਅਦ ਮੀਡੀਆ ਸਾਹਮਣੇ ਆ ਚੁੱਕੇ ਨੇ ਅਤੇ ਚੰਨੀ ‘ਤੇ ਸਿੱਧੇ ਨਿਸ਼ਾਨੇ ਸਾਧ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਸਾਬਕਾ ਸੀ.ਐੱਮ. ਚੰਨੀ ਨੇ ਗੁਰੂਘਰ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋ ਕੇ ਅਰਦਾਸ ਕੀਤੀ ਅਤੇ ਆਪਣਾ ਸਪੱਸ਼ਟੀਕਰਨ ਦਿੱਤਾ ਸੀ ਕਿ ਉਨ੍ਹਾਂ ਨੇ ਕਦੇ ਵੀ ਕਿਸੇ ਤੋਂ ਪੈਸੇ ਨਹੀਂ ਮੰਗੇ। CM ਮਾਨ ਨੇ ਦੱਸਿਆ ਕਿ ਜੱਸ ਇੰਦਰ ਬੈਦਵਾਨ ਨਾਮ ਦੇ ਇਹ ਕ੍ਰਿਕੇਟ ਖਿਡਾਰੀ ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਸਮੇਂ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਨੌਕਰੀ ਲੈਣ ਲਈ ਗਏ ਸਨ। ਉਸ ਵੇਲੇ ਕੈਪਟਨ ਨੇ ਉਨ੍ਹਾਂ ਨੂੰ ਕਿਹਾ ਕਿ ਤੁਹਾਡਾ ਕੰਮ ਹੋ ਜਾਵੇਗਾ। ਇਸ ਦੌਰਾਨ ਕਾਂਗਰਸ ਨੇ ਕੈਪਟਨ ਨੂੰ ਹਟਾ ਦਿੱਤਾ ਅਤੇ ਚੰਨੀ ਮੁੱਖ ਮੰਤਰੀ ਬਣ ਗਏ। ਇਸ ਤੋਂ ਬਾਅਦ ਜਦੋਂ ਖਿਡਾਰੀ ਚੰਨੀ ਨੂੰ ਮਿਲੇ ਤਾਂ ਚੰਨੀ ਨੇ ਉਨ੍ਹਾਂ ਨੂੰ ਆਪਣੇ ਭਾਣਜੇ ਨੂੰ ਮਿਲਣ ਲਈ ਕਿਹਾ। ਮਾਨ ਅਨੁਸਾਰ ਜਦੋਂ ਖਿਡਾਰੀ ਚੰਨੀ ਦੇ ਭਾਣਜੇ ਨੂੰ ਮਿਲਿਆ ਤਾਂ ਉਸ ਨੇ ਕਿਹਾ ਕਿ 2 ਲੱਗਣਗੇ। ਖਿਡਾਰੀ ਨੇ ਸੋਚਿਆ ਕਿ ਸ਼ਾਇਦ ਉਹ 2 ਲੱਖ ਰੁਪਏ ਕਹਿ ਰਿਹਾ ਹੈ। ਇਸ ਲਈ ਜਦੋਂ ਉਹ 2 ਲੱਖ ਰੁਪਏ ਲੈ ਕੇ ਆਪਣੇ ਪਿਤਾ ਕੋਲ ਪਹੁੰਚਿਆ ਤਾਂ ਚੰਨੀ ਦੇ ਭਾਣਜੇ ਨੇ ਉਸ ਨੂੰ ਸਾਹਮਣੇ ਤੋਂ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਕਹਿਣ ਲੱਗਾ ਕਿ ਉਸ ਨੇ ਜੋ 2 ਦਾ ਸੰਕੇਤ ਦਿੱਤਾ ਸੀ, ਉਸ ਦਾ ਮਤਲਬ 2 ਕਰੋੜ ਰੁਪਏ ਹੈ। ਖਿਡਾਰੀ ਜੱਸ ਇੰਦਰ ਬੈਦਵਾਨ ਅਤੇ ਉਨ੍ਹਾਂ ਦੇ ਪਿਤਾ ਨੇ ਵੀ ਚਲਦੀ ਪ੍ਰੈਸ ਕਾਨਫਰੰਸ ਵਿੱਚ CM ਮਾਨ ਦੇ ਬਿਆਨਾਂ ‘ਚ ਹਾਮੀ ਭਰਦਿਆਂ ਹੁੰਗਾਰਾ ਭਰਿਆ ਕਿ ਜੋ CM ਮਾਨ ਨੇ ਕਿਹਾ ਉਨ੍ਹਾਂ ਦੀ ਵੀ ਉਹੀ ਆਵਾਜ਼ ਹੈ।