ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਲਟੀਮੇਟਮ ਖ਼ਤਮ ਹੋਣ ਤੋਂ ਬਾਅਦ ਹੀ ਕ੍ਰਿਕਟ ਖਿਡਾਰੀ ਨੂੰ ਪੇਸ਼ ਕਰ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਤੀਜੇ ਵੱਲੋਂ ਰਿਸ਼ਵਤ ਮੰਗਣ ਦਾ ਖੁਲਾਸਾ ਕੀਤਾ ਗਿਆ। ਜਿਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਵੀ ਕਾਂਗਰਸ ਭਵਨ ‘ਚ ਪ੍ਰੈੱਸ ਕਾਨਫਰੰਸ ਕਰ ਕੇ ਮੀਡੀਆ ਨੂੰ ਸੰਬੋਧਨ ਕੀਤਾ। ਇਸ ਦੌਰਾਨ ਚਰਨਜੀਤ ਸਿੰਘ ਚੰਨੀ ਦੇ ਨਾਲ ਪ੍ਰਤਾਪ ਸਿੰਘ ਬਾਜਵਾ, ਪ੍ਰਗਟ ਸਿੰਘ ਵੀ ਮੌਜੂਦ ਸਨ। ਮੀਡੀਆ ਨੂੰ ਸੰਬੋਧਨ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੈਨੂੰ ਮਾਨਸਿਕ ਤੌਰ ‘ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਹੁਣ ਮੇਰੇ ਪਰਿਵਾਰ ਨੂੰ ਵੀ ਘਸੀਟਿਆ ਜਾ ਰਿਹਾ ਹੈ।ਚਰਨਜੀਤ ਸਿੰਘ ਚੰਨੀ ਨੇ ਉਨ੍ਹਾਂ ਉੱਤੇ ਲਗਾਏ ਗਏ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ। ਉਨ੍ਹਾਂ ਇਸ ਨੂੰ ਬਦਨਾਮ ਕਰਨ ਦੀ ਕੋਝੀ ਸਾਜ਼ਿਸ਼ ਕਰਾਰ ਦਿੱਤਾ। ਉਨ੍ਹਾਂ ਉਲਟਾ ਮੁੱਖ ਮੰਤਰੀ ਭਗਵੰਤ ਮਾਨ ‘ਤੇ ਇਲਜ਼ਾਮ ਲਗਾਇਆ ਕਿ ਸ਼ਾਇਦ ਜਸਇੰਦਰ ਨੂੰ ਇਨ੍ਹਾਂ ਨੇ ਕਿਹਾ ਹੋਵੇ ਕਿ ਨੌਕਰੀ ਬਦਲੇ ਚਰਨਜੀਤ ਸਿੰਘ ਚੰਨੀ ਨੂੰ ਬਦਨਾਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਸ਼ਨ ਉਨ੍ਹਾਂ ਦੇ ਭਰਾ ਮਨੋਹਰ ਦਾ ਲੜਕਾ ਹੈ। ਉਹ ਡਾਕਟਰ ਹੈ ਅਤੇ ਐਮਡੀ ਦੀ ਤਿਆਰੀ ਕਰ ਰਿਹਾ ਹੈ। ਚਾਰਜਨੀਤ ਚੰਨੀ ਨੇ ਕਿਹਾ ਕਿ ਨੌਕਰੀ ਬਦਲੇ ਮੈਨੂੰ ਬਦਨਾਮ ਕਰਨ ਦੀ ਸ਼ਰਤ ਰੱਖੀ ਗਈ ਹੋਵੇਗੀ ਅਤੇ ਭਗਵੰਤ ਮਾਨ ਨੇ ਸ਼ਰਤ ਰੱਖ ਕੇ ਇਲਜ਼ਾਮ ਲਗਵਾਏ ਹਨ। ਸੀਐਮ ਭਗਵੰਤ ਮਾਨ ਦੀ ਮਨਸ਼ਾ ਮੈਨੂੰ ਬਦਨਾਮ ਕਰਨ ਦੀ ਹੈ। ਮੈਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਚੰਨੀ ਦਾ ਭਤੀਜਾ ਜਸ਼ਨ ਵੀ ਨਾਲ ਮੌਜੂਦ ਸੀ । ਤੁਹਾਨੂੰ ਦਸ ਦਈਏ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਦੁਪਹਿਰ 2 ਵਜੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਇਸ ਦੌਰਾਨ ਕ੍ਰਿਕਟ ਖਿਡਾਰੀ ਅਤੇ ਉਸ ਦੇ ਪਿਤਾ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬੀਤੇ ਦਿਨੀਂ ਧਰਮਸ਼ਾਲਾ ‘ਚ ਆਈਪੀਐੱਲ ਵਿਖੇ ਹੋਏ ਕ੍ਰਿਕਟ ਮੈਚ ਦੇ ਦੌਰਾਨ ਉਹ ਵੀ ਉੱਥੇ ਪਹੁੰਚੇ ਜਿੱਥੇ ਉਨ੍ਹਾਂ ਦੇ ਨਾਲ ਪੰਜਾਬ ਕਿੰਗਜ਼ ਇਲੈਵਨ ਦਾ ਖਿਡਾਰੀ ਜਸਇੰਦਰ ਸਿੰਘ ਨੇ ਮੁਲਾਕਾਤ ਕੀਤੀ। ਹਾਲਾਂਕਿ ਇਹ ਖਿਡਾਰੀ ਪਲੇਇੰਗ ਇਲੈਵਨ ‘ਚ ਸ਼ਾਮਲ ਨਹੀਂ ਸੀ। ਉਨ੍ਹਾਂ ਦੱਸਿਆ ਕਿ ਜਸਇੰਦਰ ਖੇਡਾਂ ਵਿੱਚ ਬਹੁਤ ਵਾਰ ਪੰਜਾਬ ਦੀ ਨੁਮਾਇੰਦਗੀ ਕਰ ਚੁੱਕਿਆ ਹੈ ਪਰ ਸਰਕਾਰੀ ਨੌਕਰੀ ਲਈ ਦਿੱਤੇ ਟੈਸਟ ਤੋਂ ਬਾਅਦ ਆਏ ਰਿਜ਼ਲਟ ‘ਚ ਸਪੋਰਟਸ ਕੋਟੇ ਦੀ ਰਿਆਇਤ ਨਹੀਂ ਦਿੱਤੀ ਗਈ ਸੀ। ਰਿਆਇਤ ਲਈ ਤਤਕਾਲੀ ਸੀਐੱਮ ਚਰਨਜੀਤ ਸਿੰਘ ਚੰਨੀ ਨਾਲ ਵੀ ਮੁਲਾਕਾਤ ਕੀਤੀ ਤਾਂ ਉਨ੍ਹਾਂ ਜਸ਼ਨ ਵੱਲ ਇਸ਼ਾਰਾ ਕੀਤਾ। ਫਿਰ ਚੰਨੀ ਦੇ ਭਤੀਜੇ ਜਸ਼ਨ ਨੇ ਦਸਤਾਵੇਜ਼ ਦੇਖੇ ਤੇ ਕਿਹਾ ‘2 ਦਿਉ’ ਜਿਸ ਦਾ ਮਤਲਬ ਸੀ 2 ਕਰੋੜ ਰੁਪਏ ਦਿਉ। ਜਸਇੰਦਰ ਨੇ ਤਤਕਾਲੀ ਸੀਐੱਮ ‘ਤੇ ਬਦਸਲੂਕੀ ਕਰਨ ਦੇ ਵੀ ਇਲਜ਼ਾਮ ਲਗਾਏ ਹਨ।