ਪੰਜਾਬ ਵਿਚ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਧੀਨ ਆਂਗਣਵਾੜੀ ਕੇਂਦਰਾਂ ਲਈ ਕੰਟੇਨਰਾਂ ਦੀ ਖਰੀਦ-ਵੇਚ ਵਿਚ ਕਰੀਬ ਢਾਈ ਕਰੋੜ ਰੁਪਏ ਦਾ ਘਪਲਾ ਸਾਹਮਣੇ ਆਇਆ ਹੈ। ਇਹ ਮਾਮਲਾ ਅਕਾਊਂਟੈਂਟ ਜਨਰਲ ਪੰਜਾਬ (ਆਡਿਟ) ਦੀ ਜਾਂਚ ਵਿਚ ਸਾਹਮਣੇ ਆਇਆ ਹੈ। ਆਡਿਟ ਵਿਚ 10 ਜ਼ਿਲ੍ਹਿਆਂ ਵਿਚ ਆਂਗਣਵਾੜੀ ਕੇਂਦਰਾਂ ਵਲੋਂ ਕੀਤੇ ਖਰਚੇ ਦੇ ਰਿਕਾਰਡ ਦੀ ਜਾਂਚ ਕੀਤੀ ਗਈ। ਪ੍ਰਾਪਤ ਸ਼ਿਕਾਇਤਾਂ ਦੇ ਆਧਾਰ ‘ਤੇ ਉੱਚ ਪੱਧਰੀ ਜਾਂਚ ਵੀ ਸ਼ੁਰੂ ਕਰ ਦਿਤੀ ਗਈ ਹੈ। ਜਾਂਚ ਦੀ ਜ਼ਿੰਮੇਵਾਰੀ ਵਿਜੀਲੈਂਸ ਬਿਊਰੋ ਨੂੰ ਸੌਂਪੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸੂਬੇ ਵਿਚ ਸਥਿਤ 27 ਹਜ਼ਾਰ 232 ਆਂਗਣਵਾੜੀ ਕੇਂਦਰਾਂ ਵਿਚ ਬੱਚਿਆਂ ਨੂੰ ਦਿਤੇ ਜਾਣ ਵਾਲੇ ਅਨਾਜ ਨੂੰ ਸਟੋਰ ਕਰਨ ਲਈ ਰੱਖੇ ਕੰਟੇਨਰਾਂ ਦੇ ਆਕਾਰ ਅਤੇ ਗੁਣਵੱਤਾ ਵਿਚ ਬੇਨਿਯਮੀਆਂ ਪਾਈਆਂ ਗਈਆਂ ਹਨ। 100 ਕਿਲੋਗ੍ਰਾਮ ਸਮਰੱਥਾ ਦੀ ਬਜਾਏ 70 ਕਿਲੋਗ੍ਰਾਮ ਸਮਰੱਥਾ ਵਾਲੇ ਕੰਟੇਨਰ ਮਿਲੀਭੁਗਤ ਨਾਲ ਖ਼ਰੀਦੇ ਗਏ ਸਨ। ਵਿਜੀਲੈਂਸ ਦੀ ਜਾਂਚ ਵਿਚ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਸਬੰਧਤ ਪ੍ਰਾਜੈਕਟ ਡੀਲ ਕਰਨ ਵਾਲੇ ਅਧਿਕਾਰੀਆਂ ’ਤੇ ਸ਼ਿਕੰਜਾ ਕੱਸਿਆ ਜਾਵੇਗਾ।