ਅਪਰੇਸ਼ਨ ਬਲੂ ਸਟਾਰ ਤੋਂ ਅਗਲੇ ਦਿਨ ਮੈਂ ਆਪਣੀ ਦਾਦੀ (ਇੰਦਰਾ ਗਾਂਧੀ) ਨੂੰ ਅੱਥਰੂ ਕੇਰਦੇ ਦੇਖਿਆ ਸੀ: ਰਾਹੁਲ ਗਾਂਧੀ

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕੁੱਝ ਦਿਨਾਂ ਲਈ ਵਿਦੇਸ਼ ਦੌਰੇ ‘ਤੇ ਹਨ ਤੇ ਉਹਨਾਂ ਨੇ ਨਿਊਯਾਰਕ ਵਿਚ ਸਿੱਖ ਪ੍ਰਤੀਨਿਧੀ ਮੰਡਲ ਨਾਲ ਗੱਲਬਾਤ ਕਰਦਿਆਂ ’1984 ਵਿਚ ਸਿੱਖਾਂ ਨਾਲ ਹੋਈ ਵਧੀਕੀ ਬਾਰੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਦੇ ਸਿੱਖਾਂ ਨਾਲ ਹਮੇਸ਼ਾ ਡੂੰਘੇ ਸੰਬੰਧ ਰਹੇ ਹਨ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ”ਮੈਂ ਉਸ ਸਮੇਂ ਬੱਚਾ ਸੀ, ਸਾਰੀਆਂ ਗੱਲਾਂ ਨਹੀਂ ਸੀ ਸਮਝਦਾ ਪਰ ਅਪਰੇਸ਼ਨ ਬਲੂ ਸਟਾਰ ਤੋਂ ਅਗਲੇ ਦਿਨ ਮੈਂ ਆਪਣੀ ਦਾਦੀ (ਇੰਦਰਾ ਗਾਂਧੀ) ਨੂੰ ਅੱਥਰੂ ਕੇਰਦੇ ਹੋਏ ਦੇਖਿਆ ਸੀ।” ਜ਼ਿਕਰਯੋਗ ਹੈ ਕਿ ਇਥੇ ਪੱਤਰਕਾਰ ਬਲਦੇਵ ਸਿੰਘ ਗਰੇਵਾਲ ਅਤੇ ਸਿੱਖ ਆਗੂ ਮਾਸਟਰ ਮਹਿੰਦਰ ਸਿੰਘ ਦੀ ਅਗਵਾਈ ਵਿਚ ਸਿੱਖ ਪ੍ਰਤੀਨਿਧ ਮੰਡਲ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਅਪਰੇਸ਼ਨ ਬਲੂ ਸਟਾਰ ਕਾਰਨ ਪੰਜਾਬ ਵਿਚ ਪੈਦਾ ਹੋਏ ਹਾਲਾਤ ਨਾਲ ਨਜਿੱਠਣ ਲਈ ਸਰਕਾਰ ਨੇ ਜੋ ਕੇਂਦਰੀ ਬਲ ਭੇਜੇ ਸਨ, ਉਸ ਦਾ ਸਮੁੱਚਾ ਖਰਚਾ ਪੰਜਾਬ ਸਿਰ ਕਰਜ਼ੇ ਦੇ ਰੂਪ ਵਿਚ ਕਿਉਂ ਪਾਇਆ ਗਿਆ ਜਦੋਂਕਿ ਇਹ ਕੇਂਦਰ ਦਾ ਮਸਲਾ ਸੀ? ਰਾਹੁਲ ਗਾਂਧੀ ਨੇ ਭਰੋਸਾ ਦਿੱਤਾ ਕਿ ਕਾਂਗਰਸ ਦੀ ਸਰਕਾਰ ਆਉਣ ’ਤੇ ਇਸ ਬਾਰੇ ਜ਼ਰੂਰ ਵਿਚਾਰ ਕੀਤਾ ਜਾਵੇਗਾ। ਜੇ ਸਿਰਫ਼ ਪੰਜਾਬ ਨਾਲ ਹੀ ਅਜਿਹਾ ਹੋਇਆ ਹੈ ਤਾਂ ਇਹ ਕਰਜ਼ਾ ਮੁਆਫ਼ ਹੋਣਾ ਚਾਹੀਦਾ ਹੈ। ਇਸ ਮੌਕੇ ਰਾਹੁਲ ਗਾਂਧੀ ਨਾਲ ਓਵਰਸੀਜ਼ ਕਾਂਗਰਸ ਦੇ ਚੇਅਰਮੈਨ ਸੈਮ ਪਿਤਰੋਦਾ ਤੇ ਯੂਐੱਸ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਮਹਿੰਦਰ ਸਿੰਘ ਗਿਲਜੀਆਂ ਵੀ ਮੌਜੂਦ ਸਨ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਹ ਗੁਰੂ ਨਾਨਕ ਦੇਵ ਤੇ ਹੋਰਨਾਂ ਸਿੱਖ ਗੁਰੂਆਂ ਤੋਂ ਬਹੁਤ ਪ੍ਰਭਾਵਿਤ ਹਨ। ਸਟੈਨਫੋਰਡ ਯੂਨੀਵਰਸਿਟੀ ਵਿਚ ਉਨ੍ਹਾਂ ਦੇ ਕਥਨ ਦਾ ਕੁਝ ਹਲਕਿਆਂ ਵਿਚ ਗਲਤ ਅਰਥ ਸਮਝਿਆ ਗਿਆ ਸੀ। ਰਾਹੁਲ ਗਾਂਧੀ ਨੇ ਸਪੱਸ਼ਟ ਕੀਤਾ ਕਿ ਉਹ ਗੁਰੂ ਸਾਹਿਬਾਨ ਦੇ ਚਰਨਾਂ ਦੀ ਧੂੜ ਬਰਾਬਰ ਵੀ ਨਹੀਂ ਹਨ। ਸਿੱਖ ਗੁਰੂ ਦੀਆਂ ਉਦਾਸੀਆਂ ਤੋਂ ਪ੍ਰੇਰਣਾ ਲੈ ਕੇ ਹੀ ਉਹਨਾਂ ਨੇ ਭਾਰਤ ਜੋੜੋ ਯਾਤਰਾ ਕੀਤੀ ਸੀ।

Leave a Reply

Your email address will not be published. Required fields are marked *