ਵਾਰਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਪਣੇ ਸਾਥੀਆਂ ਭਗਵੰਤ ਸਿੰਘ ਉਰਫ਼ ਪ੍ਰਧਾਨ ਮੰਤਰੀ ਬਾਜੇਕੇ, ਕੁਲਵੰਤ ਸਿੰਘ ਰਾਓਕੇ ਅਤੇ ਬਸੰਤ ਸਿੰਘ ਸਮੇਤ ਡਿਬਰੂਗੜ੍ਹ ਜੇਲ ਵਿਚ ਬੰਦ ਹਨ। ਇਨ੍ਹਾਂ ਤਿੰਨ ਵਲੋਂ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤਕ ਪਹੁੰਚ ਕੀਤੀ ਗਈ ਹੈ ਅਤੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਐਨ.ਐਸ.ਏ. ਤਹਿਤ ਅਪਣੀ ਨਜ਼ਰਬੰਦੀ ਦੇ ਹੁਕਮ ਨੂੰ ਚੁਨੌਤੀ ਦਿਤੀ ਹੈ। ਇਨ੍ਹਾਂ ਸਾਰਿਆਂ ਦੇ ਵਿਰੁਧ ਐਨ.ਐਸ.ਏ. ਲਗਾ ਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜਿਆ ਗਿਆ ਹੈ। ਇਨ੍ਹਾਂ ਸਾਰਿਆਂ ‘ਤੇ 23 ਫਰਵਰੀ ਨੂੰ ਥਾਣਾ ਅਜਨਾਲਾ ‘ਤੇ ਹੋਏ ਹਮਲੇ ‘ਚ ਸ਼ਾਮਲ ਹੋਣ ਦਾ ਵੀ ਦੋਸ਼ ਹੈ। ਹੁਣ ਇਨ੍ਹਾਂ ਤਿੰਨਾਂ ਨੇ ਅਪਣੀ ਨਜ਼ਰਬੰਦੀ ਦੇ ਹੁਕਮਾਂ ਨੂੰ ਗ਼ੈਰ-ਕਾਨੂੰਨੀ ਦਸਦਿਆਂ ਹਾਈ ਕੋਰਟ ਵਿਚ ਚੁਨੌਤੀ ਦਿਤੀ ਹੈ। ਉਨ੍ਹਾਂ ਵਲੋਂ ਨਜਾਇਜ਼ ਢੰਗ ਨਾਲ ਡਿਬਰੂਗੜ੍ਹ ਜੇਲ ‘ਚ ਰੱਖਣ ਦੇ ਇਲਜ਼ਾਮ ਲਗਾਉਂਦੇ ਹੋਏ ਜੇਲ ਤੋਂ ਰਿਹਾਅ ਕਰਨ ਦੀ ਮੰਗ ਕੀਤੀ ਗਈ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਹਾਈ ਕੋਰਟ ਵਲੋਂ ਇਸ ਹਫ਼ਤੇ ਉਨ੍ਹਾਂ ਦੀ ਪਟੀਸ਼ਨ ‘ਤੇ ਸੁਣਵਾਈ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ 23 ਫਰਵਰੀ 2023 ਨੂੰ ਅਜਨਾਲਾ ਥਾਣੇ ‘ਤੇ ‘ਵਾਰਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਅਗਵਾਈ ‘ਚ ਸਮਰਥਕਾਂ ਵਲੋਂ ਹਮਲਾ ਕੀਤਾ ਗਿਆ ਸੀ। ਇਸ ਹਮਲੇ ‘ਚ ਕਈ ਪੁਲਿਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਏ। ਉਹ ਅਪਣੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਲੈ ਕੇ ਆਏ ਸਨ ਪਰ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਨੇ ਗੁਰੂ ਸਾਹਿਬ ਦੀ ਪਾਲਕੀ ਲਿਆਉਣ ਵਾਲੇ ਦੋਸ਼ੀਆਂ ਵਿਰੁਧ ਕੋਈ ਜਵਾਬੀ ਕਾਰਵਾਈ ਨਹੀਂ ਕੀਤੀ। ਅਪਰਾਧ ਨੂੰ ਅੰਜਾਮ ਦੇਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਮਰਥਕ ਕਈ ਦਿਨਾਂ ਤੋਂ ਫਰਾਰ ਸਨ। ਪੰਜਾਬ ਪੁਲਿਸ ਅਤੇ ਐਸ.ਟੀ.ਐਫ਼. ਵਲੋਂ ਉਨ੍ਹਾਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਗਈ। ਘਟਨਾ ਤੋਂ 36 ਦਿਨਾਂ ਬਾਅਦ ਪੁਲਿਸ ਨੇ ਮੁਲਜ਼ਮ ਅੰਮ੍ਰਿਤਪਾਲ ਸਿੰਘ ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇ ਦੇ ਗੁਰਦੁਆਰਾ ਸਾਹਿਬ ਤੋਂ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ ਪੰਜਾਬ ਪੁਲਿਸ ਉਸ ਨੂੰ ਬਠਿੰਡਾ ਦੇ ਏਅਰ ਫੋਰਸ ਸਟੇਸ਼ਨ ਲੈ ਗਈ, ਜਿਥੋਂ ਉਸ ਨੂੰ ਆਸਾਮ ਲਿਜਾ ਕੇ ਡਿਬਰੂਗੜ੍ਹ ਜੇਲ ਅਥਾਰਟੀ ਦੇ ਹਵਾਲੇ ਕਰ ਦਿਤਾ ਗਿਆ।