ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਕੁਝ ਲੋਕ ਨੌਜਵਾਨ ਦੇ ਗਲੇ ‘ਚ ਪਟਾ ਪਾ ਕੇ ਕੁੱਤੇ ਵਾਂਗ ਵਿਵਹਾਰ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਨੌਜਵਾਨ ਕਿਸੇ ਚੀਜ਼ ਲਈ ਪੀੜਤ ਨੌਜਵਾਨ ਤੋਂ ਮੁਆਫ਼ੀ ਮੰਗਵਾ ਰਹੇ ਹਨ ਅਤੇ ਚੁੰਗਲ ਵਿਚ ਫਸਿਆ ਨੌਜਵਾਨ ਤਰਲੇ ਕੱਢਦਾ ਨਜ਼ਰ ਆ ਰਿਹਾ ਹੈ। ਮਾਮਲਾ ਧਿਆਨ ‘ਚ ਆਉਂਦੇ ਹੀ ਪੁਲਿਸ ਨੇ ਮਾਮਲਾ ਦਰਜ ਕਰਕੇ ਤਿੰਨਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕੁਝ ਲੋਕ ਹੱਥ ‘ਚ ਬੈਲਟ ਲੈ ਕੇ ਨੌਜਵਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਵੀਡੀਓ ‘ਚ ਗੁੰਡਿਆਂ ਦੇ ਚੁੰਗਲ ‘ਚ ਫਸਿਆ ਨੌਜਵਾਨ ਮਿੰਨਤਾਂ ਕਰਦਾ ਨਜ਼ਰ ਆ ਰਿਹਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਮਲਾ ਭਖ ਗਿਆ ਹੈ। ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਕਿਹਾ, “ਮੈਂ ਉਹ ਵੀਡੀਓ ਦੇਖਿਆ ਹੈ ਅਤੇ ਇਹ ਬਹੁਤ ਗੰਭੀਰ ਲੱਗ ਰਿਹਾ ਸੀ। ਮਨੁੱਖ ਨਾਲ ਅਜਿਹਾ ਵਿਵਹਾਰ ਨਿੰਦਣਯੋਗ ਹੈ। ਪੁਲਿਸ ਕਮਿਸ਼ਨਰ ਭੋਪਾਲ ਨੂੰ ਘਟਨਾ ਦੀ ਜਾਂਚ ਦੇ ਨਿਰਦੇਸ਼ ਦਿਤੇ ਗਏ ਹਨ। ਫਿਲਹਾਲ ਘਟਨਾ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਤਿੰਨ ਦੋਸ਼ੀਆਂ ਸਮੀਰ, ਸਾਜਿਦ ਅਤੇ ਫੈਜ਼ਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਮਾਮਲਾ ਸਾਹਮਣੇ ਆਉਣ ‘ਤੇ ਸੂਬੇ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਮੁੱਖ ਮੰਤਰੀ ਨੇ ਭੋਪਾਲ ਦੇ ਪੁਲਿਸ ਕਮਿਸ਼ਨਰ ਅਤੇ ਕਲੈਕਟਰ ਨੂੰ ਅਪਰਾਧੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮਿਸਾਲ ਪੇਸ਼ ਕਰਨ ਲਈ ਸਖ਼ਤ ਨਿਰਦੇਸ਼ ਦਿਤੇ ਹਨ। ਮੁੱਖ ਮੰਤਰੀ ਦੀਆਂ ਹਦਾਇਤਾਂ ‘ਤੇ ਹੁਣ ਅਪਰਾਧੀਆਂ ਵਿਰੁੱਧ ਕੌਮੀ ਸੁਰੱਖਿਆ ਐਕਟ (ਐਨ.ਐਸ.ਏ.) ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਇੰਨਾ ਹੀ ਨਹੀਂ ਤਿੰਨਾਂ ਦੋਸ਼ੀਆਂ ਦੇ ਘਰਾਂ ‘ਤੇ ਵੀ ਬੁਲਡੋਜ਼ਰ ਚਲਾਏ ਜਾਣਗੇ।