ਜੇਕਰ ਪਾਰਲੀਮੈਂਟ ‘ਚ ਲਿਆਂਦਾ ਜਾਵੇ ਗੁਰਬਾਣੀ ਪ੍ਰਸਾਰਣ ਦਾ ਮੁੱਦਾ ਤਾਂ ਸੱਭ ਤੋਂ ਪਹਿਲਾਂ ਵੋਟ ਮੈਂ ਪਾਵਾਂਗਾ : ਸਾਂਸਦ ਰਵਨੀਤ ਸਿੰਘ ਬਿੱਟੂ

ਗੁਰਬਾਣੀ ਪ੍ਰਸਾਰਣ ਸਬੰਧੀ ਸਰਕਾਰ ਵਲੋਂ ਬਿੱਲ ਪਾਸ ਕੀਤਾ ਗਿਆ ਹੈ ਜਿਸ ‘ਤੇ ਕਾਫ਼ੀ ਸਿਆਸਤ ਵੀ ਹੋ ਰਹੀ ਹੈ ਅਤੇ ਸਮਰਥਨ ਵੀ ਮਿਲ ਰਿਹਾ ਹੈ। ਇਸ ਬਾਰੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਗੁਰਬਾਣੀ ਸਭ ਤੋਂ ਉਪਰ ਹੈ ਅਤੇ ਸਰਬ ਸਾਂਝੀ ਹੈ। ਪੰਜਾਬ ਸਰਕਾਰ ਵਲੋਂ ਜੋ ਗੁਰਬਾਣੀ ਪ੍ਰਸਾਰਣ ਬਾਰੇ ਫ਼ੈਸਲਾ ਲਿਆ ਗਿਆ ਹੈ ਉਸ ਦਾ ਸਾਰੀਆਂ ਪਾਰਟੀਆਂ ਅਤੇ ਹਰ ਸ਼ਖ਼ਸ ਨੂੰ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਸਵਾਗਤ ਕਰਨਾ ਚਾਹੀਦਾ ਹੈ ਕਿ ਪੰਜਾਬ ਸਰਕਾਰ ਨੇ ਇਕ ਚੰਗਾ ਫ਼ੈਸਲਾ ਕੀਤਾ ਹੈ। ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਹਰ ਪੰਜਾਬੀ ਅਤੇ ਨਾਨਕ ਨਾਮਲੇਵਾ ਸੰਗਤ ਗੁਰਬਾਣੀ ਸਰਵਣ ਕਰਨਾ ਚਾਹੁੰਦੀ ਹੈ ਅਤੇ ਉਹ ਇਸ ਫ਼ੈਸਲੇ ਤੋਂ ਖ਼ੁਸ਼ ਵੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਾਵੇਂ ਪੀ.ਟੀ.ਸੀ. ਨੇ ਗੁਰਬਾਣੀ ਪ੍ਰਸਾਰਣ ਦੀ ਜ਼ਿੰਮੇਵਾਰੀ ਨਿਭਾਈ ਹੈ ਪਰ ਹੁਣ ਉਨ੍ਹਾਂ ਦਾ ਟੈਂਡਰ ਖ਼ਤਮ ਹੋ ਗਿਆ ਹੈ। ਸਰਕਾਰ ਦੀ ਪਾਲਿਸੀ ਵੀ ਬਦਲ ਗਈ ਹੈ ਅਤੇ ਉਹ ਸੱਭ ਨੂੰ ਪ੍ਰਸਾਰਣ ਦਾ ਹੱਕ ਦੇ ਰਹੇ ਹਨ ਤਾਂ ਇਸ ਵਿਚ ਕੁੱਝ ਵੀ ਗ਼ਲਤ ਨਹੀਂ ਹੈ। ਉਨ੍ਹਾਂ ਕਿਹਾ ਕੀ ਬੀ.ਜੇ.ਪੀ. ਵਾਲੇ ਇਸ ਦਾ ਵਿਰੋਧ ਕਰ ਰਹੇ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਕੋਲ ਇਸ ਦੀ ਤਾਕਤ ਨਰੀਂ ਹੈ ਅਤੇ ਇਹ ਵਿਧਾਨ ਸਭਾ ਵਿਚ ਪਾਸ ਨਹੀਂ ਹੋ ਸਕਦਾ ਤਾਂ ਉਨ੍ਹਾਂ ਨੂੰ ਕਹਿਣਾ ਚਾਹੀਦਾ ਹੈ ਕਿ ਅਸੀਂ ਇਸ ਨੂੰ ਪਾਰਲੀਮੈਂਟ ਵਿਚ ਲੈ ਕੇ ਜਾਂਦੇ ਹਾਂ। ਸਾਂਸਦ ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਜੇਕਰ ਇਹ ਮਾਮਲਾ ਪਾਰਲੀਮੈਂਟ ਵਿਚ ਲਿਆਂਦਾ ਜਾਵੇ ਤਾਂ ਸੱਭ ਤੋਂ ਪਹਿਲਾਂ ਵੋਟ ਉਹ ਪਾਉਣਗੇ ਕਿਉਂਕਿ ਗੁਰਬਾਣੀ ਸਰਭ ਸਾਂਝੀ ਹੈ ਅਤੇ ਇਸ ਤੋਂ ਵੱਡੀ ਤਾਕਤ ਹੋਰ ਕੋਈ ਨਹੀਂ ਹੈ। ਉਨ੍ਹਾਂ ਕਿਹਾ ਕਿ ਐਸ.ਜੀ.ਪੀ.ਸੀ. ਪ੍ਰਧਾਨ ਜਥੇਦਾਰ ਅਤੇ ਜੋ ਵੀ ਇਸ ਦਾ ਵਿਰੋਧ ਕਰ ਰਹੇ ਹਨ ਉਨ੍ਹਾਂ ਨੂੰ ਇਸ ਦੀ ਹਮਾਇਤ ਕਰਨੀ ਚਾਹੀਦੀ ਹੈ, ਜੇਕਰ ਸੂਬਾ ਸਰਕਾਰ ਨਹੀਂ ਕਰ ਸਕਦੀ ਤਾਂ ਉਨ੍ਹਾਂ ਨੂੰ ਕੇਂਦਰ ਕੋਲ ਜਾਣ ਲਈ ਕਹਿਣਾ ਚਾਹੀਦਾ ਹੈ। ਸੰਸਦ ਮੈਂਬਰ ਦਾ ਕਹਿਣਾ ਹੈ ਕਿ ਸੰਸਦ ਦਾ ਮਾਨਸੂਨ ਇਜਲਾਸ ਆਉਣ ਵਾਲਾ ਹੈ। ਇਸ ਦੌਰਾਨ ਜਿਵੇਂ ਹੋਰਨਾਂ ਬਿੱਲਾਂ ਜਾਂ ਮੁੱਦਿਆਂ ‘ਤੇ ਚਰਚਾ ਕੀਤੀ ਜਾਂਦੀ ਹੈ ਉਸੇ ਤਰ੍ਹਾਂ ਹੀ ਗੁਰਬਾਣੀ ਪ੍ਰਸਾਰਣ ਵਾਲਾ ਮਾਮਲਾ ਵੀ ਵਿਚਾਰਿਆ ਜਾ ਸਕਦਾ ਹੈ ਪਰ ਇਸ ਤਰ੍ਹਾਂ ਵਿਰੋਧ ਕਰਨਾ ਠੀਕ ਨਹੀਂ ਹੈ।

Leave a Reply

Your email address will not be published. Required fields are marked *