ਬੱਸ ਸਟੈਂਡ ਨੇੜੇ ਨੈਸ਼ਨਲ ਹਾਈਵੇ ‘ਤੇ ਬਣੇ ਪੁਲ ‘ਤੇ ਸੜਕੀ ਹਾਦਸਾ ਵਾਪਰਿਆ। ਇਸ ਹਾਦਸੇ ਵਿਚ ਤੇਜ਼ ਰਫ਼ਤਾਰ ਆਲਟੋ ਕਾਰ ਨੇ 4 ਸਾਲ ਦੇ ਮਾਸੂਮ ਬੱਚੇ ਦੀ ਜਾਨ ਲੈ ਲਈ ਜਦਕਿ 3 ਜਣੇ ਜ਼ਖ਼ਮੀ ਹੋ ਗਏ। ਹਾਦਸੇ ਸਮੇਂ ਕਾਰ ਦੀ ਰਫ਼ਤਾਰ ਜ਼ਿਆਦਾ ਸੀ ਇਸ ਕਾਰਨ ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਇਕ ਪ੍ਰਵਾਰ ਦੇ 4 ਮੈਂਬਰ ਜੀ.ਟੀ ਰੋਡ ਦੇ ਦੂਜੇ ਪਾਸੇ ਜਾ ਕੇ ਡਿੱਗੇ। ਜ਼ਖ਼ਮੀਆਂ ਦਾ ਇਲਾਜ ਖੰਨਾ ਦੇ ਸਰਕਾਰੀ ਹਸਪਤਾਲ ਵਿਖੇ ਚੱਲ ਰਿਹਾ ਹੈ। ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਜਾਣਕਾਰੀ ਅਨੁਸਾਰ ਸਰਹਿੰਦ ਦੇ ਪਿੰਡ ਅਤਾਪੁਰ ਦਾ ਰਹਿਣ ਵਾਲਾ ਉੱਤਮ ਦੀਪ ਸਿੰਘ ਅਪਣੇ ਸਹੁਰਾ ਪ੍ਰਵਾਰ ਨੂੰ ਮਿਲਣ ਲਈ ਮਾਛੀਵਾੜਾ ਸਾਹਿਬ ਗਿਆ ਹੋਇਆ ਸੀ। ਉਸ ਦੇ ਨਾਲ ਉਸਦੀ ਪਤਨੀ, 4 ਸਾਲ ਦਾ ਬੇਟਾ ਬਿਪਨਜੋਤ ਸਿੰਘ ਅਤੇ 8 ਮਹੀਨੇ ਦਾ ਦੂਜਾ ਬੇਟਾ ਵੀ ਸੀ। ਚਾਰੇ ਜਣੇ ਮੋਟਰਸਾਈਕਲ ‘ਤੇ ਸਵਾਰ ਸਨ ਅਤੇ ਜਦੋਂ ਉਹ ਸਹੁਰੇ ਘਰ ਤੋਂ ਵਾਪਸ ਆ ਰਹੇ ਸੀ ਤਾਂ ਬੱਸ ਸਟੈਂਡ ਨੇੜੇ ਪੁਲ ‘ਤੇ ਇਕ ਤੇਜ਼ ਰਫ਼ਤਾਰ ਆਲਟੋ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿਤੀ। ਟੱਕਰ ਇੰਨੀ ਖਤਰਨਾਕ ਸੀ ਕਿ ਮੋਟਰਸਾਈਕਲ ਸਵਾਰ ਚਾਰੇ ਜਣੇ ਸੜਕ ਦੇ ਦੂਜੇ ਪਾਸੇ ਜਾ ਕੇ ਡਿੱਗੇ। ਸਿਵਲ ਹਸਪਤਾਲ ਵਿਖੇ ਇਲਾਜ ਅਧੀਨ ਉੱਤਮਦੀਪ ਸਿੰਘ ਨੇ ਦਸਿਆ ਕਿ ਕਾਰ ਦੀ ਰਫ਼ਤਾਰ ਬਹੁਤ ਤੇਜ਼ ਸੀ। ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਕਾਰ ਨੇ ਉਨ੍ਹਾਂ ਨੂੰ ਪਿੱਛੇ ਤੋਂ ਟੱਕਰ ਮਾਰ ਦਿਤੀ। ਇਸ ਤੋਂ ਬਾਅਦ ਉਹ ਦੂਜੇ ਪਾਸੇ ਡਿੱਗ ਪਏ। 2 ਮਿੰਟ ਬਾਅਦ ਉਸ ਨੂੰ ਹੋਸ਼ ਆਈ। ਉਸ ਦੀ ਪਤਨੀ ਅਤੇ ਦੋਵੇਂ ਬੱਚੇ ਸੜਕ ‘ਤੇ ਲਹੂ-ਲੁਹਾਨ ਹਾਲਤ ‘ਚ ਪਏ ਸਨ। ਰਾਹਗੀਰਾਂ ਨੇ ਐਂਬੂਲੈਂਸ ਦੀ ਮਦਦ ਨਾਲ ਉਨ੍ਹਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਉਥੇ ਇਲਾਜ ਦੌਰਾਨ ਉਸਦੇ 4 ਸਾਲਾ ਪੁੱਤਰ ਬਿਪਨਜੋਤ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਦੇ ਦਸਲਨ ਮੁਤਾਬਕ ਆਲਟੋ ਕਾਰ ਦਾ ਡਰਾਈਵਰ ਟੱਕਰ ਮਾਰ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਦੌਰਾਨ ਉੱਥੋਂ ਨਿਕਲ ਰਹੇ ਇਨੋਵਾ ਸਵਾਰ ਵਿਅਕਤੀ ਨੇ ਪਿੱਛਾ ਕਰ ਕੇ ਆਲਟੋ ਕਾਰ ਵਾਲੇ ਨੂੰ ਘੇਰਿਆ। ਉਸ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਗਿਆ। ਇਹ ਡਰਾਈਵਰ ਪਾਣੀਪਤ ਦਾ ਰਹਿਣ ਵਾਲਾ ਦਸਿਆ ਜਾਂਦਾ ਹੈ ਜੋ ਲੁਧਿਆਣਾ ਤੋਂ ਵਾਪਸ ਜਾ ਰਿਹਾ ਸੀ। ਸਿਵਲ ਹਸਪਤਾਲ ਖੰਨਾ ਵਿਖੇ ਐਮਰਜੈਂਸੀ ਡਿਊਟੀ ‘ਤੇ ਤਾਇਨਾਤ ਡਾਕਟਰ ਆਕਾਸ਼ ਗੋਇਲ ਨੇ ਦਸਿਆ ਕਿ ਹਾਦਸੇ ‘ਚ 4 ਵਿਅਕਤੀ ਜ਼ਖ਼ਮੀ ਹੋਏ। ਪਤੀ-ਪਤਨੀ ਸਮੇਤ ਦੋ ਜ਼ਖ਼ਮੀ ਬੱਚਿਆਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜਿਥੇ ਇਕ ਬੱਚੇ ਦੀ ਹਾਲਤ ਕਾਫੀ ਗੰਭੀਰ ਸੀ। ਉਸ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਪਰ ਕਾਮਯਾਬ ਨਹੀਂ ਹੋ ਸਕੇ। ਬਾਕੀ ਤਿੰਨ ਜਣਿਆਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।