ਪੈਲੇਸ ’ਚ ਪਲੰਬਰ ਦਾ ਕੰਮ ਕਰਦਿਆਂ ਨੌਜੁਆਨ ਦੀ ਕਰੰਟ ਲੱਗਣ ਨਾਲ ਮੌਤ

ਬਟਾਲਾ ਨੇੜਲੇ ਪਿੰਡ ਖਤੀਬ ਵਿਚ ਇੱਕ ਪੈਲੇਸ ਵਿਚ ਪਲੰਬਰ ਦਾ ਕੰਮ ਕਰਦੇ ਨੌਜੁਆਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਇਸ ਦੇ ਨਾਲ ਹੀ ਰਿਸ਼ਤੇਦਾਰਾਂ ਨੇ ਪੁਲਿਸ ਨੂੰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਅਪੀਲ ਕੀਤੀ ਹੈ। ਪਿੰਡ ਬਾਸਰਪੁਰਾ ਵਾਸੀ ਗਗਨ ਨੇ ਦਸਿਆ ਕਿ ਉਸ ਦਾ ਚਚੇਰਾ ਭਰਾ ਗੁਰਮੇਜ ਸਿੰਘ (23) ਇਕ ਠੇਕੇਦਾਰ ਕੋਲ ਪਲੰਬਰ ਦਾ ਕੰਮ ਕਰਦਾ ਸੀ ਅਤੇ ਸ਼ੁੱਕਰਵਾਰ ਨੂੰ ਪਿੰਡ ਖਤੀਬ ਦੇ ਇਕ ਪੈਲੇਸ ਵਿਚ ਕੰਮ ਕਰ ਰਿਹਾ ਸੀ ਇਸ ਦੌਰਾਨ ਉਸ ਨੂੰ ਕਰੰਟ ਲੱਗ ਗਿਆ ਪਰ ਠੇਕੇਦਾਰ ਵਲੋਂ ਰਿਸ਼ਤੇਦਾਰਾਂ ਨੂੰ ਕੁਝ ਨਹੀਂ ਦਸਿਆ ਗਿਆ ਅਤੇ ਉਹ ਸਿੱਧੇ ਗੁਰਮੇਜ ਸਿੰਘ ਨੂੰ ਹਸਪਤਾਲ ਲੈ ਗਏ। ਜਦੋਂ ਉਨ੍ਹਾਂ ਠੇਕੇਦਾਰ ਨੂੰ ਪੁੱਛਿਆ ਕਿ ਉਸ ਨੇ ਪਰਵਾਰ ਨੂੰ ਸੂਚਿਤ ਕਿਉਂ ਨਹੀਂ ਕੀਤਾ ਤਾਂ ਉਸ ਨੇ ਕਿਹਾ ਕਿ ਉਸ ਕੋਲ ਕਿਸੇ ਦਾ ਨੰਬਰ ਨਹੀਂ ਹੈ, ਪਰ ਪਰਿਵਾਰ ਨੇ ਕਿਹਾ ਕਿ ਠੇਕੇਦਾਰ ਕੋਲ ਸਾਰਿਆਂ ਦੇ ਨੰਬਰ ਹਨ। ਉਨ੍ਹਾਂ ਉੱਚ ਪੁਲਿਸ ਅਧਿਕਾਰੀਆਂ ਨੂੰ ਗੁਰਮੇਜ ਸਿੰਘ ਦੀ ਮੌਤ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਉਨ੍ਹਾਂ ਦਸਿਆ ਕਿ ਇਸ ਸਬੰਧੀ ਥਾਣਾ ਸਿਵਲ ਲਾਈਨ ਨੂੰ ਸ਼ਿਕਾਇਤ ਦੇ ਦਿਤੀ ਗਈ ਹੈ। ਥਾਣਾ ਸਿਵਲ ਲਾਈਨ ਦੇ ਐਸਐਚਓ ਕੁਲਵੰਤ ਸਿੰਘ ਮਾਨ ਨੇ ਦਸਿਆ ਕਿ ਸੂਚਨਾ ਮਿਲਦੇ ਹੀ ਉਨ੍ਹਾਂ ਨੇ ਪੁਲਿਸ ਟੀਮ ਨੂੰ ਮੌਕੇ ’ਤੇ ਭੇਜ ਦਿਤਾ ਹੈ, ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਵਿਚ ਜੋ ਵੀ ਸਾਹਮਣੇ ਆਵੇਗਾ, ਉਸ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *