ਪੰਜਾਬ ਦੇ ਜਲੰਧਰ ਸਿਵਲ ਹਸਪਤਾਲ ‘ਚ ਜਣੇਪੇ ਦੌਰਾਨ ਬੱਚੇ ਦੀ ਮੌਤ ਹੋਣ ਤੋਂ ਬਾਅਦ ਅੱਜ ਕਾਫੀ ਹੰਗਾਮਾ ਹੋਇਆ। ਗੁੱਸੇ ‘ਚ ਆਏ ਰਿਸ਼ਤੇਦਾਰਾਂ ਨੇ ਹਸਪਤਾਲ ‘ਚ ਭੰਨਤੋੜ ਕੀਤੀ। ਹਸਪਤਾਲ ਦੇ ਸ਼ੀਸ਼ੇ ਦੇ ਦਰਵਾਜ਼ੇ ਅਤੇ ਸਾਮਾਨ ਤੋੜਿਆ। ਹਸਪਤਾਲ ਪ੍ਰਸ਼ਾਸਨ ਨੇ ਤੁਰਤ ਪੁਲਿਸ ਨੂੰ ਸੂਚਨਾ ਦਿਤੀ। ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਭੰਨਤੋੜ ਦੇ ਦੋਸ਼ ਹੇਠ ਫੜੇ ਗਏ ਵਿਅਕਤੀ ਦੀ ਪਛਾਣ ਮਕਸੂਦ ਅਹਿਮਦ ਵਜੋਂ ਹੋਈ ਹੈ। ਮਕਸੂਦ ਮੂਲ ਰੂਪ ਤੋਂ ਬਿਹਾਰ ਦਾ ਰਹਿਣ ਵਾਲਾ ਹੈ ਪਰ ਉਹ ਜਲੰਧਰ ਦੇ ਦਾਨਿਸ਼ਮੰਡਾ ‘ਚ ਰਹਿ ਰਿਹਾ ਹੈ। ਉਸ ਦੇ ਭਰਾ ਜ਼ਾਹਿਦ ਅਹਿਮਦ ਦੀ ਪਤਨੀ ਪ੍ਰਵੀਨ ਵਾਸੀ ਬਸਤੀ ਦਾਨਿਸ਼ਮੰਡਾ ਦੀ ਅੱਜ ਸਿਵਲ ਹਸਪਤਾਲ ਵਿਚ ਡਿਲੀਵਰੀ ਹੋਈ ਸੀ। ਜ਼ਾਹਿਦ ਨੇ ਦੋਸ਼ ਲਾਇਆ ਕਿ ਡਾਕਟਰਾਂ ਦੀ ਲਾਪਰਵਾਹੀ ਕਾਰਨ ਉਸ ਦੇ ਬੱਚੇ ਦੀ ਮੌਤ ਹੋਈ ਹੈ। ਉਸ ਨੇ ਆਪਣੀ ਪਤਨੀ ਨੂੰ ਡਿਲੀਵਰੀ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਸੀ, ਕਿਉਂਕਿ ਡਾਕਟਰਾਂ ਨੇ ਕਿਹਾ ਸੀ ਕਿ ਕੇਸ ਨਾਜ਼ੁਕ ਹੈ ਅਤੇ ਡਿਲੀਵਰੀ ਆਪ੍ਰੇਸ਼ਨ ਰਾਹੀਂ ਕੀਤੀ ਜਾਵੇਗੀ। ਜ਼ਾਹਿਦ ਅਹਿਮਦ ਨੇ ਦੋਸ਼ ਲਾਇਆ ਕਿ ਡਾਕਟਰਾਂ ਦੀ ਅਣਗਹਿਲੀ ਕਾਰਨ ਉਸ ਦੇ ਪਹਿਲੇ ਬੱਚੇ ਦੀ ਮੌਤ ਹੋ ਗਈ। ਉਥੇ ਹੀ ਸੀਨੀਅਰ ਮੈਡੀਕਲ ਅਫਸਰ ਡਾਕਟਰ ਵਰਿੰਦਰ ਥਿੰਦ ਦਾ ਕਹਿਣਾ ਹੈ ਕਿ ਬੱਚੇ ਦਾ ਜਨਮ ਆਪ੍ਰੇਸ਼ਨ ਰਾਹੀਂ ਹੋਇਆ ਹੈ। ਉਸ ਦੀ ਹਾਲਤ ਕਾਫੀ ਨਾਜ਼ੁਕ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਹਸਪਤਾਲ ਦੇ ਸਟਾਫ ਦੀ ਕੋਈ ਲਾਪਰਵਾਹੀ ਨਹੀਂ ਹੈ।