ਚੰਡੀਗੜ੍ਹ – ਪੰਜਾਬ ਵਿਜੀਲੈਂਸ ਬਿਊਰੋ ਨੇ ਫਿਰੋਜ਼ਪੁਰ ਦੇ ਤਤਕਾਲੀ ਡੀਆਈਜੀ ਇੰਦਰਬੀਰ ਸਿੰਘ ਨੂੰ ਰਿਸ਼ਵਤ ਦੇ ਇੱਕ ਕੇਸ ਵਿਚ ਨਾਮਜ਼ਦ ਕੀਤਾ ਹੈ। ਮੁਲਜ਼ਮ ਡੀਆਈਜੀ ਇਸ ਸਮੇਂ ਆਰਮਡ ਪੁਲਿਸ ਜਲੰਧਰ ਵਿਚ ਤਾਇਨਾਤ ਹੈ। ਫਿਲਹਾਲ ਵਿਜੀਲੈਂਸ ਵੱਲੋਂ ਕੋਈ ਗ੍ਰਿਫ਼ਤਾਰੀ ਕਾਰਵਾਈ ਨਹੀਂ ਕੀਤੀ ਗਈ ਹੈ। ਦਰਅਸਲ ਫਿਰੋਜ਼ਪੁਰ ਦੇ ਤਤਕਾਲੀ ਡੀਆਈਜੀ ਇੰਦਰਬੀਰ ਸਿੰਘ ‘ਤੇ ਇੱਕ ਨਸ਼ਾ ਤਸਕਰ ਤੋਂ 10 ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਇਲਜ਼ਾਮ ਹੈ। ਭਿੱਖੀਵਿੰਡ ਪੁਲਿਸ ਨੇ 20 ਜੂਨ 2022 ਨੂੰ ਨਸ਼ਾ ਤਸਕਰ ਨੂੰ ਕਾਬੂ ਕੀਤਾ ਸੀ। ਉਸ ਕੋਲੋਂ ਪੁੱਛਗਿੱਛ ਦੌਰਾਨ ਕਈ ਪੁਲਿਸ ਅਧਿਕਾਰੀਆਂ ਦੇ ਨਾਂ ਸਾਹਮਣੇ ਆਏ। ਫਿਰ DSP ਲਖਬੀਰ ਸੰਧੂ ਨੂੰ 6 ਜੁਲਾਈ 2022 ਨੂੰ ਭਿੱਖੀਵਿੰਡ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਪੁੱਛਗਿੱਛ ਦੌਰਾਨ ਉਸ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਹੁਣ ਫਿਰੋਜ਼ਪੁਰ ਦੇ ਤਤਕਾਲੀ ਡੀਆਈਜੀ ਇੰਦਰਬੀਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿਚ ਮੁਲਜ਼ਮ ਡੀਐਸਪੀ ਲਖਬੀਰ ਸੰਧੂ ਦੇ ਨਾਲ ਇੱਕ ਹੈੱਡ ਕਾਂਸਟੇਬਲ ਹੀਰਾ ਸਿੰਘ ਦਾ ਨਾਂ ਵੀ ਸਾਹਮਣੇ ਆਇਆ ਸੀ। ਫਿਲਹਾਲ ਵਿਜੀਲੈਂਸ ਦੀ ਜਾਂਚ ਟੀਮ ਤੱਥਾਂ ਦੀ ਜਾਂਚ ‘ਚ ਲੱਗੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਨੇ ਨਸ਼ਾ ਤਸਕਰਾਂ ਤੋਂ ਰਿਸ਼ਵਤ ਲੈਣ ਦੇ ਮਾਮਲੇ ਵਿਚ ਦਰਜ ਕੀਤੇ ਦੋ ਕੇਸਾਂ ਦੀ ਤਫਤੀਸ਼ ਕਰਨ ਦੀ ਜਾਣਕਾਰੀ ਦਿੱਤੀ ਹੈ। ਅਜਿਹੇ ‘ਚ ਆਉਣ ਵਾਲੇ ਸਮੇਂ ‘ਚ ਕਿਸੇ ਹੋਰ ਪੁਲਿਸ ਅਧਿਕਾਰੀ ਖਿਲਾਫ਼ ਵੀ ਕਾਰਵਾਈ ਕੀਤੀ ਜਾ ਸਕਦੀ ਹੈ। ਕਿਉਂਕਿ ਵਿਜੀਲੈਂਸ ਵੱਲੋਂ ਸਾਰੇ ਪੁਲਿਸ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।