ਲੁਧਿਆਣਾ ਜ਼ਿਲ੍ਹੇ ਦੀ ਖੰਨਾ ਪੁਲਿਸ ਨੇ ਅੰਮ੍ਰਿਤਸਰ ਤੋਂ ਇਕ ਨੌਜਵਾਨ ਨੂੰ ਨਸ਼ੀਲੀਆਂ ਗੋਲੀਆਂ ਦੀ ਖੇਪ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਆਜ਼ਾਦ ਸਿੰਘ ਉਰਫ਼ ਸੰਨੀ ਥਾਣਾ ਜੰਡਿਆਲਾ ਗੁਰੂ ਦੇ ਪਿੰਡ ਅਕਾਲਗੜ੍ਹ ਢੱਪੀਆਂ ਦਾ ਰਹਿਣ ਵਾਲਾ ਹੈ। ਉਹ ਦਿੱਲੀ ਤੋਂ ਸਸਤੇ ਭਾਅ ‘ਤੇ ਗੋਲੀਆਂ ਲਿਆ ਕੇ ਅੰਮ੍ਰਿਤਸਰ ‘ਚ ਸਪਲਾਈ ਕਰਦਾ ਸੀ। ਇਸ ਨੂੰ ਖੰਨਾ ਪੁਲਿਸ ਨੇ ਨਾਕੇ ‘ਤੇ ਕਾਬੂ ਕੀਤਾ, ਜਿਸ ਕੋਲੋਂ 24850 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ | ਇਸ ਵਿਚ ਟ੍ਰਾਮਾਸਿਲ ਦੀਆਂ 19900 ਗੋਲੀਆਂ ਅਤੇ ਟ੍ਰਾਮਾਡੋਲ ਦੀਆਂ 4950 ਗੋਲੀਆਂ ਸ਼ਾਮਲ ਹਨ। ਐਸਪੀ ਇਨਵੈਸਟੀਗੇਸ਼ਨ ਡਾ.ਪ੍ਰਗਿਆ ਜੈਨ ਨੇ ਦਸਿਆ ਕਿ ਸਿਟੀ ਥਾਣਾ 2 ਦੇ ਐਸਐਚਓ ਕੁਲਜਿੰਦਰ ਸਿੰਘ ਗਰੇਵਾਲ ਅਤੇ ਸੀਆਈਏ ਇੰਚਾਰਜ ਅਮਨਦੀਪ ਸਿੰਘ ਦੀਆਂ ਟੀਮਾਂ ਨੇ ਮਿਲ ਕੇ ਪ੍ਰਿੰਸਟੀਨ ਮਾਲ ਦੇ ਸਾਹਮਣੇ ਜੀਟੀ ਰੋਡ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਮੁਲਜ਼ਮ ਆਜ਼ਾਦ ਸਿੰਘ ਬੈਗ ਲੈ ਕੇ ਬਾਹਰ ਆਇਆ ਅਤੇ ਲੋਹੇ ਦੀ ਗਰਿੱਲ ਪਾਰ ਕਰਕੇ ਝਾੜੀਆਂ ਵੱਲ ਜਾਣ ਲੱਗਾ। ਸ਼ੱਕ ਪੈਣ ’ਤੇ ਪੁਲਿਸ ਨੇ ਉਸ ਨੂੰ ਰੋਕ ਕੇ ਥੈਲੇ ਦੀ ਤਲਾਸ਼ੀ ਲੈਣ ’ਤੇ 24850 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। 27 ਸਾਲਾ ਆਜ਼ਾਦ ਸਿੰਘ ਵੈਲਡਿੰਗ ਦਾ ਕੰਮ ਕਰਦਾ ਸੀ ਪਰ ਕੰਮ ਠੱਪ ਹੋ ਗਿਆ। ਪਰਿਵਾਰ ਦੀ ਦੇਖਭਾਲ ਲਈ ਪੈਸੇ ਦੀ ਲੋੜ ਸੀ। ਜਿਸ ਕਾਰਨ ਨਸ਼ੇੜੀ ਲੋਕਾਂ ਦੀ ਸੰਗਤ ਵਿੱਚ ਪੈ ਗਿਆ। ਪਹਿਲਾਂ ਅੰਮ੍ਰਿਤਸਰ ਵਿਚ ਛੋਟੇ ਪੈਮਾਨੇ ‘ਤੇ ਨਸ਼ੇ ਵੇਚਣੇ ਸ਼ੁਰੂ ਕੀਤੇ। ਹੌਲੀ-ਹੌਲੀ ਦਿੱਲੀ ਦੇ ਵੱਡੇ ਤਸਕਰਾਂ ਨਾਲ ਤਾਰਾਂ ਜੁੜ ਗਈਆਂ। ਹੁਣ ਦਿੱਲੀ ਤੋਂ ਗੋਲੀਆਂ ਨੈ ਕੇ ਅੰਮ੍ਰਿਤਸਰ ‘ਚ ਸਪਲਾਈ ਕਰਦਾ ਸੀ। ਆਜ਼ਾਦ ਸਿੰਘ ਵਿਆਹਿਆ ਹੋਇਆ ਹੈ। ਪਤਨੀ ਅਤੇ 2 ਸਾਲ ਦੀ ਬੇਟੀ ਵੀ ਹੈ। ਆਜ਼ਾਦ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਖੰਨਾ ਪੁਲਿਸ ਦਿੱਲੀ ਬੈਠੇ ਵੱਡੇ ਤਸਕਰਾਂ ਦੀ ਭਾਲ ਕਰ ਰਹੀ ਹੈ। ਆਜ਼ਾਦ ਸਿੰਘ ਸੰਨੀ ਨੇ ਖੰਨਾ ਪੁਲਿਸ ਨੂੰ ਕੁਝ ਵਿਅਕਤੀਆਂ ਦੇ ਨਾਮ ਦੱਸੇ ਹਨ ਜੋ ਉਥੋਂ ਪੰਜਾਬ ‘ਚ ਨਸ਼ਾ ਸਪਲਾਈ ਕਰਦੇ ਹਨ। ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਪੂਰੇ ਨੈੱਟਵਰਕ ਦੀ ਜਾਂਚ ਕੀਤੀ ਜਾ ਰਹੀ ਹੈ।