ਲੁਧਿਆਣਾ ਜ਼ਿਲ੍ਹੇ ਦੇ ਖੰਨਾ ‘ਚ ਨੈਸ਼ਨਲ ਹਾਈਵੇਅ ‘ਤੇ ਇਕ ਕੰਟੇਨਰ ਅਚਾਨਕ ਪਲਟ ਗਿਆ। ਕੰਟੇਨਰ ਲੋਕਾਂ ‘ਤੇ ਡਿੱਗਣ ਹੀ ਵਾਲਾ ਸੀ ਕਿ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਜਿਸ ਥਾਂ ‘ਤੇ ਕੰਟੇਨਰ ਪਲਟਿਆ, ਉਸੇ ਥਾਂ ‘ਤੋਂ ਇਕ ਮਿੰਟ ਪਹਿਲਾਂ ਬੱਸ ‘ਚ 20 ਤੋਂ ਵੱਧ ਸਵਾਰੀਆਂ ਚੜੀਆਂ ਸਨ। ਕੰਟੇਨਰ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਡਰਾਈਵਰ ਉਸ ‘ਤੇ ਕਾਬੂ ਨਹੀਂ ਪਾ ਸਕਿਆ। ਬੱਸ ਸਟੈਂਡ ਦੇ ਵਿਚਕਾਰ ਟੈਕਸੀ ਸਟੈਂਡ ਵੀ ਹੈ। ਉੱਥੇ ਆਮ ਤੌਰ ‘ਤੇ ਟੈਕਸੀ ਡਰਾਈਵਰ ਬੈਠੇ ਹੁੰਦੇ ਹਨ। ਟੈਕਸੀ ਡਰਾਈਵਰ ਜਿੰਦਰ ਸਿੰਘ ਨੇ ਦੱਸਿਆ ਕਿ ਮੀਂਹ ਪੈ ਰਿਹਾ ਸੀ। ਬੱਸ ਸਟੈਂਡ ‘ਤੇ 20 ਤੋਂ 25 ਲੋਕ ਬੱਸ ਦੀ ਉਡੀਕ ਕਰ ਰਹੇ ਸਨ। ਟੈਕਸੀ ਸਟੈਂਡ ‘ਤੇ ਲੋਕ ਬੈਠੇ ਸਨ। ਇਸੇ ਦੌਰਾਨ ਪਹਿਲੀ ਬੱਸ ਆਈ। 20 ਤੋਂ 25 ਸਵਾਰੀਆਂ ਉਸ ਬੱਸ ਤੇ ਚੜ੍ਹੀਆਂ ਸਨ ਤੇ ਇਕ ਮਿੰਟ ਬਾਅਦ ਉਥੇ ਤੇਜ਼ ਰਫ਼ਤਾਰ ਕੰਟੇਨਰ ਪਲਟ ਗਿਆ। ਉਥੇ ਮੌਜੂਦ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਜੇ ਇੱਥੇ ਲੋਕ ਖੜ੍ਹੇ ਹੁੰਦੇ ਤਾਂ ਕੰਟੇਨਰ ਉਨ੍ਹਾਂ ਸਾਰਿਆਂ ਦੇ ਉੱਪਰ ਡਿੱਗ ਜਾਣਾ ਸੀ। ਕੋਟ ਪੁਲਿਸ ਚੌਕੀ ਦੇ ਇੰਚਾਰਜ ਸੁਖਵਿੰਦਰਪਾਲ ਸਿੰਘ ਨੇ ਦਸਿਆ ਕਿ ਹਾਦਸੇ ਵਿਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਚਸ਼ਮਦੀਦ ਗਵਾਹਾਂ ਦੇ ਬਿਆਨ ਲਏ ਜਾ ਰਹੇ ਹਨ, ਜਿਨ੍ਹਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ।