ਲੁਧਿਆਣਾ ਵਿਚ ਸਵੇਰ ਤੋਂ ਹੋ ਰਹੀ ਬਰਸਾਤ ਵਿਚਾਲੇ ਕੋਟ ਮੰਗਲ ਸਿੰਘ ਇਲਾਕੇ ਵਿਚ ਅਚਾਨਕ ਨਗਰ ਨਿਗਮ ਦਾ ਸ਼ੈੱਡ ਡਿੱਗਣ ਕਾਰਨ ਦੋ ਸਫ਼ਾਈ ਸੇਵਕ ਫੱਟੜ ਹੋ ਗਏ। ਜਿਨ੍ਹਾਂ ਨੂੰ ਸ਼ੁਰੂਆਤੀ ਇਲਾਜ ਮੁਹਈਆ ਕਰਵਾਇਆ ਗਿਆ ਹੈ। ਮੁਲਾਜ਼ਮਾਂ ਦਾ ਕਹਿਣਾ ਸੀ ਕਿ ਬਰਸਾਤ ਹੋਣ ਕਾਰਨ ਉਹ ਸ਼ੈੱਡ ਹੇਠਾਂ ਆ ਕੇ ਰੁਕੇ ਸਨ ਪਰ ਅਚਾਨਕ ਸ਼ੈੱਡ ਉਨ੍ਹਾਂ ਉਪਰ ਆ ਕੇ ਡਿੱਗ ਗਿਆ। ਹਾਲਾਂਕਿ ਕਿਸਮਤ ਵਧੀਆ ਰਹੀ ਕਿ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ। ਦਸਿਆ ਜਾ ਰਿਹਾ ਹੈ ਕਿ ਇਕ ਮੁਲਾਜ਼ਮ ਦੇ ਸਿਰ ਅਤੇ ਦੂਜੇ ਦੇ ਮੋਢੇ ‘ਤੇ ਸੱਟ ਲੱਗੀ ਹੈ। ਉਥੇ ਹੀ ਮੌਕੇ ‘ਤੇ ਇਲਾਕੇ ਦੇ ਸਾਬਕਾ ਕੌਂਸਲਰ ਅਤੇ ਹੋਰ ਲੋਕ ਪਹੁੰਚੇ ਅਤੇ ਮੁਲਾਜ਼ਮਾਂ ਦੀ ਮਦਦ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸ਼ੈੱਡ ਕਾਫੀ ਪੁਰਾਣਾ ਹੈ। ਹਾਲਾਂਕਿ ਉਨ੍ਹਾਂ ਵਲੋਂ ਰੋਸ ਪ੍ਰਗਟਾਇਆ ਗਿਆ ਕਿ ਮੌਕੇ ‘ਤੇ ਕੋਈ ਸੀਨੀਅਰ ਅਫ਼ਸਰ ਨਹੀਂ ਪਹੁੰਚਿਆ।